3 ਸੂਬਿਆਂ ਦੇ ਗਵਰਨਰਾਂ ਤੇ ਆਸਾਮ ਦੇ ਮੁੱਖ ਮੰਤਰੀ ਨੇ ਪੀ. ਐੱਮ. ਮੋਦੀ ਨਾਲ ਕੀਤੀ ਮੁਲਾਕਾਤ
Wednesday, Jun 12, 2019 - 05:47 PM (IST)
ਨਵੀਂ ਦਿੱਲੀ (ਭਾਸ਼ਾ)— ਤਿੰਨ ਸੂਬਿਆਂ ਦੇ ਗਵਰਨਰਾਂ ਅਤੇ ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉੱਤਰਾਖੰਡ ਦੀ ਗਵਰਨਰ ਬੇਬੀ ਰਾਨੀ ਮੌਰਈਆ, ਬਿਹਾਰ ਦੇ ਗਵਰਨਰ ਲਾਲਜੀ ਟੰਡਨ ਅਤੇ ਰਾਜਸਥਾਨ ਦੇ ਗਵਰਨਰ ਕਲਿਆਣ ਸਿੰਘ ਨੇ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਇਨ੍ਹਾਂ ਮੁਲਾਕਾਤਾਂ ਦੀਆਂ ਤਸਵੀਰਾਂ ਨੂੰ ਟਵੀਟ ਕੀਤਾ ਹੈ।

ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਕਿਹਾ ਕਿ ਮੋਦੀ ਨੇ ਆਸਾਮ ਅਤੇ ਪੂਰਬੀ-ਉੱਤਰੀ ਖੇਤਰ ਦੇ ਵਿਕਾਸ ਲਈ ਖੁੱਲ੍ਹੇ ਦਿਲ ਨਾਲ ਸਮਰਥਨ ਦਾ ਭਰੋਸਾ ਦਿੱਤਾ ਹੈ। ਸੋਨੋਵਾਲ ਨੇ ਪੀ. ਐੱਮ. ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਲਈ ਵਧਾਈ ਵੀ ਦਿੱਤੀ।

ਸੋਨੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲੇ ਕਾਰਜਕਾਲ ਦੌਰਾਨ ਆਸਾਮ ਨੇ ਕਾਫੀ ਵਿਕਾਸ ਦੇਖਿਆ, ਜਿਸ ਵਿਚ ਕਈ ਮੁੱਖ ਪੁਲਾਂ ਨੂੰ ਬਣਾਇਆ ਜਾਣਾ, ਰਾਸ਼ਟਰੀ ਹਾਈਵੇਅ ਦਾ ਨਿਰਮਾਣ ਅਤੇ ਰੇਲ ਨੈੱਟਵਰਕ ਦਾ ਵਿਸਥਾਰ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਆਸਾਮ ਵਿਕਾਸ ਪ੍ਰਾਜੈਕਟਾਂ ਦਾ ਗਵਾਹ ਬਣੇਗਾ। ਦੱਸਣਯੋਗ ਹੈ ਕਿ 30 ਮਈ ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਤੋਂ ਬਾਅਦ ਕਈ ਸੂਬਿਆਂ ਦੇ ਗਵਰਨਰ ਅਤੇ ਮੁੱਖ ਮੰਤਰੀ, ਨਰਿੰਦਰ ਮੋਦੀ ਨੂੰ ਮਿਲ ਚੁੱਕੇ ਹਨ।
