ਕਾਂਸਟੇਬਲ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
Sunday, Nov 10, 2024 - 05:32 PM (IST)
ਕੋਂਡਗਾਓਂ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕੋਂਡਗਾਓਂ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ 27 ਸਾਲਾ ਕਾਂਸਟੇਬਲ ਨੇ ਕਥਿਤ ਤੌਰ 'ਤੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਾਂਸਟੇਬਲ ਦੇ ਪਰਿਵਾਰਕ ਮੈਂਬਰ ਦੇ ਹਵਾਲੇ ਨਾਲ ਕਿਹਾ ਕਿ ਉਹ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਪੀੜਤ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਜ ਪੁਲਸ ਯੂਨਿਟ 'ਬਸਤਰ ਫਾਈਟਰਸ' ਦੇ ਕਾਂਸਟੇਬਲ ਹਰੀਲਾਲ ਨਾਗ ਨੇ ਸਵੇਰੇ ਉਰੰਦਾਬੇੜਾ ਥਾਣਾ ਖੇਤਰ ਦੇ ਬਰਦਾ ਪਿੰਡ 'ਚ ਆਪਣੇ ਘਰ 'ਚ ਕਥਿਤ ਤੌਰ 'ਤੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ।
ਉਸ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਉਸ ਦੇ ਕਮਰੇ 'ਚ ਪਹੁੰਚੇ ਅਤੇ ਉਸ ਨੂੰ ਬੈੱਡ 'ਤੇ ਮ੍ਰਿਤਕ ਪਾਇਆ। ਉਸ ਨੇ ਦੱਸਿਆ ਕਿ ਧਨੌਰਾ ਥਾਣੇ 'ਚ ਤਾਇਨਾਤ ਨਾਗ ਨੇੜਲੇ ਪਿੰਡ 'ਚ ਆਪਣੇ ਘਰ ਗਿਆ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਨਾਗ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਕਿਸੇ ਮਾਨਸਿਕ ਬੀਮਾਰੀ ਤੋਂ ਪੀੜਤ ਸੀ ਪਰ ਇਸ ਬਾਰੇ ਪੂਰੀ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਸਟੇਬਲ ਵੱਲੋਂ ਇਹ ਕਦਮ ਚੁੱਕਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਛੱਤੀਸਗੜ੍ਹ 'ਚ ਪਿਛਲੇ ਪੰਜ ਮਹੀਨਿਆਂ 'ਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ), ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਸਸ਼ਤਰ ਸੀਮਾ ਬਲ (ਐੱਸਐੱਸਬੀ) ਸਮੇਤ ਵੱਖ-ਵੱਖ ਬਲਾਂ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਖੁਦਕੁਸ਼ੀ ਕਰਨ ਦੀ ਇਹ ਅੱਠਵੀਂ ਘਟਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8