ਕਾਂਗਰਸ ਨੇ ਛੱਤੀਸਗੜ੍ਹ ਲਈ ਐਲਾਨ ਪੱਤਰ ਕਮੇਟੀ ਸਮੇਤ 4 ਕਮੇਟੀਆਂ ਬਣਾਈਆਂ
Saturday, Aug 19, 2023 - 03:13 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਛੱਤੀਸਗੜ੍ਹ ’ਚ ਇਸ ਸਾਲ ਦੇ ਅਖੀਰ ’ਚ ਹੋਣ ਵਾਲੇ ਵਿਧਾਨ ਸਭਾ ਚੋਣ ਲਈ ਸ਼ੁੱਕਰਵਾਰ ਨੂੰ ਚੋਣ ਪਰਬੰਧਨ ਕਮੇਟੀ ਅਤੇ ਐਲਾਨ ਪੱਤਰ ਕਮੇਟੀ ਸਮੇਤ 4 ਕਮੇਟੀਆਂ ਦਾ ਗਠਨ ਕੀਤਾ।
ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧੀਨ ਚੋਣ ਐਲਾਨ ਪੱਤਰ ਕਮੇਟੀ, ਚੋਣ ਪ੍ਰਬੰਧਨ ਕਮੇਟੀ, ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਅਤੇ ਯੋਜਨਾ ਅਤੇ ਰਣਨੀਤੀ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਪ੍ਰਦਾਨ ਕੀਤੀ।
ਚੋਣ ਐਲਾਨ ਪੱਤਰ ਕਮੇਟੀ ਦੀ ਪ੍ਰਧਾਨਗੀ ਸੂਬੇ ਦੇ ਟਰਾਂਸਪੋਰਟ ਮੰਤਰੀ ਮੁਹੰਮਦ ਅਕਬਰ ਕਰਨਗੇ। ਮੰਤਰੀ ਸ਼ਿਵ ਕੁਮਾਰ ਡਹਰੀਆ ਸਮੇਤ 22 ਨੇਤਾ ਐਲਾਨ ਪੱਤਰ ਕਮੇਟੀ ’ਚ ਮੈਂਬਰ ਬਣਾਏ ਗਏ ਹਨ। ਡਹਰੀਆ ਦੀ ਪ੍ਰਧਾਨਗੀ ’ਚ ਚੋਣ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਰਾਮ ਗੋਪਾਲ ਅੱਗਰਵਾਲ ਇਸ ਕਮੇਟੀ ਦੇ ਕਨਵੀਨਰ ਨਿਯੁਕਤ ਕੀਤੇ ਗਏ ਹਨ ਅਤੇ ਪੰਜ ਹੋਰ ਨੇਤਾਵਾਂ ਨੂੰ ਬਤੌਰ ਮੈਂਬਰ ਇਸ ’ਚ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਨੇ ਆਪਣੇ ਸੀਨੀਅਰ ਨੇਤਾ ਧਨੇਂਦਰ ਸਾਹੂ ਦੀ ਪ੍ਰਧਾਨਗੀ ’ਚ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਦਾ ਗਠਨ ਕੀਤਾ ਹੈ।
ਸੰਸਦ ਮੈਂਬਰ ਜਯੋਤਸਨਾ ਮਹੰਤ ਸਮੇਤ 8 ਨੇਤਾ ਇਸ ਕਮੇਟੀ ’ਚ ਮੈਂਬਰ ਹੋਣਗੇ। ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਤਾਮਰਧਵਜ ਸਾਹੂ ਦੀ ਪ੍ਰਧਾਨਗੀ ’ਚ ਯੋਜਨਾ ਅਤੇ ਰਣਨੀਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ’ਚ 17 ਨੇਤਾਵਾਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਨੇ ਸੂਬੇ ਦੇ 11 ਜ਼ਿਲਿਆਂ ’ਚ ਆਪਣੇ ਪ੍ਰਧਾਨ ਨਿਯੁਕਤ ਕੀਤੇ ਹਨ।