ਛੱਤੀਸਗੜ੍ਹ : ਦੰਤੇਵਾੜਾ ''ਚ 11 ਨਕਸਲੀਆਂ ਨੇ ਕੀਤਾ ਆਤਮ ਸਮਰਪਣ
Thursday, Nov 12, 2020 - 10:41 AM (IST)
ਦੰਤੇਵਾੜਾ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਇਕ ਇਨਾਮੀ ਨਕਸਲੀ ਸਮੇਤ 11 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਦੰਤੇਵਾੜਾ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਚਲਾਏ ਜਾ ਰਹੇ 'ਲੋਨ ਵਰਾਰਟੂ' ਮੁਹਿੰਮ ਤੋਂ ਪ੍ਰਭਾਵਿਤ ਹੋ ਕੇ 11 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਇਨ੍ਹਾਂ 'ਚ ਜਨ ਮਿਲੀਸ਼ੀਆ ਕਮਾਂਡਰ ਕੁੰਮਾ ਮੰਡਾਵੀ, ਜਨ ਮਿਲੀਸ਼ੀਆ ਮੈਂਬਰ ਦੇਵਾ ਮੰਡਾਵੀ, ਬਾਮਨ ਮੰਡਾਵੀ, ਗ੍ਰਾਮ ਕਮੇਟੀ ਮੈਂਬਰ ਬਾਮਨ ਕਵਾਸੀ, ਚੇਤਨਾ ਨਾਟਯ ਮੰਡਲੀ ਦੇ ਮੈਂਬਰ ਹੜਮਾ ਰਾਮ ਮੰਡਾਵੀ, ਗ੍ਰਾਮ ਕਮੇਟੀ ਮੈਂਬਰ ਹਿੜਮਾ ਮੰਡਾਵੀਸ, ਜਨ ਮਿਲੀਸ਼ੀਆ ਮੈਂਬਰ ਰਤਨ ਮੰਡਾਵੀ, ਵਿਕਾਸ ਕੁਮਾਰ ਮੰਡਾਵੀ, ਮੁਕੇਸ਼ ਕੁਮਾਰ ਮੰਡਾਵੀ, ਮੋਹਨ ਕਾਰਟਮ ਅਤੇ ਗ੍ਰਾਮ ਕਮੇਟੀ ਮੈਂਬਰ ਅਜੇ ਕੁਮਾਰ ਮੰਡਾਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਨ ਮਿਲੀਸ਼ੀਆ ਕਮਾਂਡਰ ਅਤੇ ਮੈਂਬਰਾਂ ਨੇ ਬੰਦੂਕ ਨਾਲ ਆਤਮ ਸਮਰਪਣ ਕੀਤਾ ਹੈ। ਜਨ ਮਿਲੀਸ਼ੀਆ ਕਮਾਂਡਰ ਕੁੰਮਾ ਮੰਡਾਵੀ 'ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਨੇ ਦੱਸਿਆ ਕਿ ਨਕਸਲੀਆਂ ਨੇ ਜ਼ਿਲ੍ਹੇ 'ਚ ਚੱਲ ਰਹੇ 'ਲੋਨ ਵਰਾਰਟੂ' (ਘਰ ਵਾਪਸ ਆਓ) ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਅਤੇ ਮਾਓਵਾਦੀ ਸੰਗਠਨ ਦੀ ਖੋਖਲੀ ਵਿਚਾਰਧਾਰਾ ਤੋਂ ਤੰਗ ਆ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ 'ਚ 'ਲੋਨ ਵਰਾਰਟੂ' ਮੁਹਿੰਮ ਤੋਂ ਪ੍ਰਭਾਵਿਤ ਹੋ ਕੇ 52 ਇਨਾਮੀ ਨਕਸਲੀਆਂ ਸਮੇਤ ਕੁੱਲ 199 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕੀਤਾ ਹੈ। ਇਸ ਮੁਹਿੰਮ ਦੇ ਅਧੀਨ ਥਾਣਾ, ਕੰਪਲੈਕਸਾਂ ਅਤੇ ਗ੍ਰਾਮ ਪੰਚਾਇਤਾਂ 'ਚ ਸੰਬੰਧਤ ਖੇਤਰ ਦੇ ਸਰਗਰਮ ਮਾਓਵਾਦੀਆਂ ਦਾ ਨਾਂ ਚਿਪਕਾ ਕੇ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ 10-10 ਹਜ਼ਾਰ ਰੁਪਏ ਉਤਸ਼ਾਹ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ