ਕੈਮੀਕਲ ਨਾਲ ਭਰਿਆ ਟੈਂਕਰ ਪਲਟਿਆ, ਅੱਗ ਲੱਗਣ ਨਾਲ 2 ਜ਼ਿੰਦਾ ਸੜੇ
Tuesday, Sep 16, 2025 - 10:42 PM (IST)

ਰੇਵਾੜੀ/ਬਾਵਲ/ਜੈਪੁਰ, (ਅਸ਼ੋਕ ਵਧਵਾ/ਪ੍ਰੇਮ ਰੋਹਿਲਾ)- ਸੋਮਵਾਰ ਰਾਤ ਲਗਭਗ 12 ਵਜੇ ਦਿੱਲੀ-ਜੈਪੁਰ ਹਾਈਵੇਅ ’ਤੇ ਬਾਵਲ ਦੇ ਬਾਨੀਪੁਰ ਚੌਕ ਨੇੜੇ ਕੈਮੀਕਲ ਨਾਲ ਭਰਿਆ ਇਕ ਟੈਂਕਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਅ ਕੇ ਪਲਟ ਗਿਆ। ਪਲਟਦੇ ਹੀ ਟੈਂਕਰ ’ਚ ਧਮਾਕਾ ਹੋ ਗਿਆ ਤੇ ਅੱਗ ਲੱਗ ਗਈ। ਕੈਮੀਕਲ ਸੜਕ ’ਤੇ ਡੁੱਲ੍ਹ ਗਏ। ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਟੈਂਕਰ ਨਾਲ ਟਕਰਾਅ ਗਈ।
ਗਾਜ਼ੀਆਬਾਦ ਪੰਚਵਟੀ ਸੋਸਾਇਟੀ ਦੇ 4 ਵਪਾਰੀ ਕਾਰ ’ਚ ਸਵਾਰ ਸਨ। ਉਨ੍ਹਾਂ ’ਚੋਂ ਸੰਜੀਵ ਅਗਰਵਾਲ (41) ਤੇ ਵਿਨੇਸ਼ ਮਿੱਤਲ (54) ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਜਦੋਂਕਿ ਸੁਮਿਤ ਗੋਇਲ ਤੇ ਰਾਹੁਲ ਅਰੋੜਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਹਾਦਸੇ ਤੋਂ ਬਾਅਦ ਡਰਾਈਵਰ ਟੈਂਕਰ ਨੂੰ ਸੜਦਾ ਛੱਡ ਕੇ ਭੱਜ ਗਿਆ। ਕਾਰ ’ਚ ਸਵਾਰ ਵਪਾਰੀ ਖਾਟੂਸ਼ਿਆਮ ਧਾਮ ਜਾ ਰਹੇ ਸਨ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਜਾਮ ਲੱਗ ਗਿਆ। ਸੂਚਨਾ ਮਿਲਣ ’ਤੇ ਕਸੌਲਾ ਪੁਲਸ ਸਟੇਸ਼ਨ ਦੇ ਇੰਚਾਰਜ ਸ਼ਿਵਦਰਸ਼ਨ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਭੇਜਿਆ, ਜਿੱਥੋਂ ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ। ਟੈਂਕਰ ਅਤੇ ਕਾਰ ਪੂਰੀ ਤਰ੍ਹਾਂ ਸੜ ਗਏ।