ਆਨਲਾਈਨ ਗੇਮਿੰਗ ਐਪ Winzo ਖਿਲਾਫ ਦੋਸ਼-ਪੱਤਰ ਦਾਇਰ, 734 ਕਰੋੜ ਰੁਪਏ ਦੀ ਧੋਖਾਦੇਹੀ ਦਾ ਦੋਸ਼
Monday, Jan 26, 2026 - 04:33 AM (IST)
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਆਨਲਾਈਨ ਗੇਮਿੰਗ ਐਪ ਵਿਨਜੋ ਅਤੇ ਇਸ ਦੇ ਪ੍ਰਮੋਟਰਾਂ ਖਿਲਾਫ ਦੋਸ਼-ਪੱਤਰ ਦਾਇਰ ਕੀਤਾ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਵੱਲੋਂ ਗੇਮ ਦੇ ਐਲਗੋਰਿਦਮ ’ਚ ਹੇਰਫੇਰ ਕਰਨ ਲਈ ‘ਬੋਟਸ’ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦਾ ਇਸਤੇਮਾਲ ਕੀਤੇ ਜਾਣ ਕਾਰਨ ਯੂਜ਼ਰਜ਼ ਨੇ 734 ਕਰੋੜ ਰੁਪਏ ਗੁਆ ਦਿੱਤੇ।
ਅਧਿਕਾਰਤ ਬਿਆਨ ਅਨੁਸਾਰ ਈ. ਡੀ. ਦੇ ਬੈਂਗਲੁਰੂ ਖੇਤਰੀ ਦਫ਼ਤਰ ਨੇ 23 ਜਨਵਰੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਮਾਮਲਿਆਂ ਦੀ ਸੁਣਵਾਈ ਲਈ ਨਿਰਧਾਰਤ ਸਥਾਨਕ ਅਦਾਲਤ ’ਚ ਸ਼ਿਕਾਇਤ ਦਾਇਰ ਕੀਤੀ। ਵਿਨਜੋ ਪ੍ਰਾਈਵੇਟ ਲਿਮਟਿਡ ਕੰਪਨੀ ਇਸ ਦੇ ਡਾਇਰੈਕਟਰ ਪਵਨ ਨੰਦਾ ਅਤੇ ਸੌਮਿਆ ਸਿੰਘ ਰਾਠੌਰ ਅਤੇ ਇਸ ਦੀ ਪੂਰਨ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ, ਜਿਨ੍ਹਾਂ ’ਚ ਵਿਦੇਸ਼ ਸਥਿਤ ਕੰਪਨੀਆਂ ਵੀ ਸ਼ਾਮਲ ਹਨ, ਜਿਵੇਂ ਵਿਨਜੋ ਯੂ. ਐੱਸ. ਇੰਕ, ਵਿਨਜੋ ਐੱਸ. ਜੀ. ਪ੍ਰਾਈਵੇਟ ਲਿਮਟਿਡ ਅਤੇ ਜ਼ੈੱਡ. ਓ. ਪ੍ਰਾਈਵੇਟ ਲਿਮਟਿਡ, ਨੂੰ ਦੋਸ਼-ਪੱਤਰ ’ਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
