ਫਰਜ਼ੀ ਵੋਟਰ ਆਈ. ਡੀ. ਦੇ ਆਧਾਰ ’ਤੇ ਐਂਬੂਲੈਂਸ ਰਜਿਸਟ੍ਰੇਸ਼ਨ ਮਾਮਲੇ ’ਚ ਮੁਖਤਾਰ ਸਮੇਤ 13 ਖਿਲਾਫ ਚਾਰਜਸ਼ੀਟ ਦਾਇਰ
Friday, Jan 06, 2023 - 01:50 PM (IST)

ਬਾਰਾਬੰਕੀ (ਭਾਸ਼ਾ)- ਗਲਤ ਪਤੇ ’ਤੇ ਐਂਬੂਲੈਂਸ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਮਾਮਲੇ ’ਚ ਬਾਹੂਬਲੀ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਸਮੇਤ 13 ਲੋਕਾਂ ਖਿਲਾਫ ਪੁਲਸ ਨੇ ਵਧੀਕ ਸੈਸ਼ਨ ਕੋਰਟ ’ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ। ਮਾਮਲੇ ਦੇ ਜਾਂਚ ਅਧਿਕਾਰੀ ਦੇਵਾ ਕੋਤਵਾਲ ਪੰਕਜ ਕੁਮਾਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਵਿਸ਼ੇਸ਼ ਵਧੀਕ ਸੈਸ਼ਨ ਜੱਜ (ਗੈਂਗਸਟਰ ਕੋਰਟ) ਅਮਿਤ ਸਿੰਘ ਦੀ ਅਦਾਲਤ ’ਚ ਬੁੱਧਵਾਰ ਸ਼ਾਮ ਨੂੰ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮਾਰਚ 2021 ’ਚ ਪੰਜਾਬ ਦੀ ਮੋਹਾਲੀ ਜੇਲ ’ਚ ਬੰਦ ਹੋਣ ਦੌਰਾਨ ਮੁਖਤਾਰ ਅੰਸਾਰੀ ਨੇ ਅਦਾਲਤ ਜਾਣ ਲਈ ਇਕ ਪ੍ਰਾਈਵੇਟ ਐਂਬੂਲੈਂਸ ਦੀ ਵਰਤੋਂ ਕੀਤੀ ਸੀ। ਉਹ ਐਂਬੂਲੈਂਸ ਬਾਰਾਬੰਕੀ ਦੇ ਏ. ਆਰ. ਟੀ. ਓ. ਦਫ਼ਤਰ ’ਚ 21 ਮਾਰਚ 2013 ਨੂੰ ਰਜਿਸਟਰਡ ਕਰਵਾਈ ਗਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਵਾਹਨ ਦੀ ਰਜਿਸਟ੍ਰੇਸ਼ਨ ਅਲਕਾ ਦੇ ਬਾਰਾਬੰਕੀ ਦੇ ਰਫੀਨਗਰ ਇਲਾਕੇ ਦੇ ਪਤੇ ’ਤੇ ਬਣੇ ਫਰਜ਼ੀ ਵੋਟਰ ਆਈ. ਡੀ. ਕਾਰਡ ਦੇ ਆਧਾਰ ’ਤੇ ਕਰਵਾਈ ਗਈ ਸੀ।