ਚਾਰਧਾਮ ਦੀ ਯਾਤਰਾ ''ਤੇ ਜਾਣ ਵਾਲੇ ਤੀਰਥ ਯਾਤਰੀ ਲੈਣਗੇ ਬਰਫਬਾਰੀ ਦਾ ਨਜ਼ਾਰਾ
Sunday, May 05, 2019 - 12:32 PM (IST)

ਦੇਹਰਾਦੂਨ (ਭਾਸ਼ਾ)— ਚਾਰ ਧਾਮ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਅਤੇ ਦੁਨੀਆ ਭਰ ਦੇ ਤੀਰਥ ਯਾਤਰੀ ਇੱਥੇ ਆਉਣ ਲਈ ਕਾਫੀ ਉਤਸ਼ਾਹਿਤ ਵੀ ਹੋਣਗੇ। ਖਾਸ ਗੱਲ ਇਹ ਹੈ ਕਿ ਚਾਰ ਧਾਮ ਦੀ ਯਾਤਰਾ 'ਤੇ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਦਰਸ਼ਨਾਂ ਦੇ ਨਾਲ-ਨਾਲ ਧੁੱਪ 'ਚ ਚਾਂਦੀ ਵਾਂਗ ਚਮਕਦੀ ਬਰਫ ਵੀ ਦੇਖਣ ਨੂੰ ਮਿਲੇਗੀ, ਜੋ ਆਪਣੇ ਆਪ ਵਿਚ ਇਕ ਮਨਮੋਹਕ ਅਤੇ ਦਿਲਕਸ਼ ਨਜ਼ਾਰਾ ਹੋਵੇਗਾ। ਧੁੱਪ 'ਚ ਚਮਕਦੀ ਬਰਫ ਤੀਰਥ ਯਾਤਰੀਆਂ ਦੇ ਆਨੰਦ ਨੂੰ ਕਈ ਗੁਣਾ ਵਧਾ ਦੇਵੇਗੀ। ਦੱਸਣਯੋਗ ਹੈ ਕਿ ਕੇਦਾਰਨਾਥ ਦੀ ਯਾਤਰਾ ਅਗਲੇ ਹਫਤੇ 9 ਮਈ ਤੋਂ ਸ਼ੁਰੂ ਹੋ ਜਾ ਰਹੀ ਹੈ।
ਜ਼ਿਲਾ ਪ੍ਰਸ਼ਾਸਨ ਮੁਤਾਬਕ ਭਗਵਾਨ ਸ਼ਿਵ ਦੇ ਧਾਮ ਕੇਦਾਰਨਾਥ ਮੰਦਰ ਦੇ ਆਲੇ-ਦੁਆਲੇ ਅਜੇ ਵੀ ਬਰਫ ਦੀ 5 ਤੋਂ 6 ਫੁੱਟ ਮੋਟੀ ਚਾਦਰ ਵਿਛੀ ਹੋਈ ਹੈ, ਜਿਸ ਨੂੰ ਹਟਾਉਣ ਜਾਂ ਪਿਘਲਣ ਵਿਚ ਇਕ ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ। ਕੇਦਾਰਨਾਥ ਦੇ ਉੱਪ ਜ਼ਿਲਾ ਅਧਿਕਾਰੀ ਪਰਮਾਨੰਦ ਰਾਮ ਨੇ ਦੱਸਿਆ ਕਿ 100 ਤੋਂ 150 ਮਜ਼ਦੂਰ ਬਰਫ ਹਟਾਉਣ ਦੇ ਕੰਮ ਵਿਚ ਜੁਟੇ ਹੋਏ ਹਨ। ਮੰਦਰ ਤਕ ਪਹੁੰਚਣ ਦੇ ਰਸਤਿਆਂ ਤੋਂ ਬਰਫ ਹਟਾਉਣ ਦਾ ਕੰਮ ਲੱਗਭਗ ਪੂਰਾ ਹੋ ਚੁੱਕਾ ਹੈ। ਸ਼ਰਧਾਲੂਆਂ ਨੂੰ ਬਾਬਾ ਕੇਦਾਰ ਦੇ ਦਰਸ਼ਨ ਕਰਨ 'ਚ ਮੁਸ਼ਕਲ ਨਹੀਂ ਆਵੇਗੀ। ਇਸ ਸਾਲ ਸਰਦੀਆਂ ਵਿਚ ਕੇਦਾਰਨਾਥ 'ਚ 15-20 ਫੁੱਟ ਬਰਫ ਪਈ, ਜੋ ਕਿ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਜ਼ਿਆਦਾ ਮੰਨੀ ਜਾ ਰਹੀ ਹੈ।
ਚਮੋਲੀ ਜ਼ਿਲੇ ਦੀਆਂ ਉੱਚੀਆਂ ਪਹਾੜੀਆਂ 'ਤੇ ਸਥਿਤ ਬਦਰੀਨਾਥ ਵਿਚ ਵੀ ਇਸ ਵਾਰ ਕਾਫੀ ਬਰਫ ਪਈ ਹੈ। ਬਦਰੀਨਾਥ ਦੇ ਕਿਵਾੜ 10 ਮਈ ਨੂੰ ਖੁੱਲ੍ਹ ਰਹੇ ਹਨ। ਕੇਦਾਰਨਾਥ ਦੇ ਮੁਕਾਬਲੇ ਇੱਥੇ ਬਰਫ ਘੱਟ ਪਈ ਹੈ। ਉਤਰਕਾਸ਼ੀ ਜ਼ਿਲੇ ਵਿਚ ਉੱਚ ਹਿਮਾਲਿਆ ਖੇਤਰ ਵਿਚ ਸਥਿਤ ਹੋਰ ਦੋ ਧਾਮਾਂ— ਗੰਗੋਤਰੀ ਅਤੇ ਯਮੁਨੋਤਰੀ ਵਿਚ ਵੀ ਇਸ ਵਾਰ ਕਾਫੀ ਬਰਫਬਾਰੀ ਪਈ ਹੈ। ਹਰ ਸਾਲ ਅਪ੍ਰੈਲ-ਮਈ 'ਚ ਸ਼ੁਰੂ ਹੋਣ ਵਾਲੀ ਚਾਰ ਧਾਮ ਯਾਤਰਾ ਦੇ ਸ਼ੁਰੂ ਹੋਣ ਦਾ ਸਥਾਨਕ ਜਨਤਾ ਨੂੰ ਵੀ ਉਡੀਕ ਰਹਿੰਦੀ ਹੈ। 6 ਮਹੀਨੇ ਤਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਤੀਰਥ ਯਾਤਰੀਆਂ ਅਤੇ ਸੈਲਾਨੀ ਜਨਤਾ ਦੇ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦਾ ਸਾਧਨ ਹਨ। ਦੱਸਣਯੋਗ ਹੈ ਕਿ ਸਰਦੀਆਂ ਵਿਚ ਭਾਰੀ ਬਰਫਬਾਰੀ ਅਤੇ ਭਿਆਨਕ ਠੰਡ ਕਾਰਨ ਚਾਰ ਧਾਮ ਦੇ ਕਿਵਾੜ ਹਰ ਸਾਲ ਅਕਤੂਬਰ-ਨਵੰਬਰ ਵਿਚ ਤੀਰਥ ਯਾਤਰੀਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ। ਬਰਫ ਦੀ ਵਜ੍ਹਾ ਕਰ ਕੇ ਇੱਥੇ ਤਕ ਪਹੁੰਚਣਾ ਸੰਭਵ ਨਹੀਂ ਰਹਿੰਦਾ।