ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ

Monday, Jun 16, 2025 - 10:03 AM (IST)

ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ

ਦੇਹਰਾਦੂਨ- ਉਤਰਾਖੰਡ ਦੇ ਚਾਰਧਾਮ ਮਾਰਗ ’ਤੇ ਹੈਲੀਕਾਪਟਰ ਹਾਦਸਿਆਂ ਜਾਂ ਹੈਲੀਕਾਪਟਰਾਂ ਦੀ ਐਮਰਜੈਂਸੀ ਲੈਂਡਿੰਗ ਦੀਆਂ ਲਗਾਤਾਰ ਘਟਨਾਵਾਂ ਨੇ ਲੋਕਾਂ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਐਤਵਾਰ ਸਵੇਰੇ ਆਰਿਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਇਕ ਹੈਲੀਕਾਪਟਰ ਕੇਦਾਰਨਾਥ ਤੋਂ ਗੁਪਤਕਾਸ਼ੀ ਵਾਪਸ ਆਉਂਦੇ ਸਮੇਂ ਗੌਰੀਕੁੰਡ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਸਾਲ ਚਾਰਧਾਮ ਯਾਤਰਾ ਮਾਰਗ ’ਤੇ ਹੈਲੀਕਾਪਟਰ ਹਾਦਸੇ ਦੀ ਇਹ ਪੰਜਵੀਂ ਘਟਨਾ ਹੈ। ਇਸ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ 5 ਸ਼ਰਧਾਲੂਆਂ, 1 ਪਾਇਲਟ ਅਤੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ 1 ਪ੍ਰਤੀਨਿਧੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਚਾਰਧਾਮ ਯਾਤਰਾ ਇਸ ਸਾਲ 30 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

7 ਜੂਨ ਨੂੰ ਸੜਕ ’ਤੇ ਉਤਰਿਆ ਸੀ ਹੈਲੀਕਾਪਟਰ

ਕੇਦਾਰਨਾਥ ਜਾ ਰਹੇ ਇਕ ਕੇਸਟਰਲ ਏਵੀਏਸ਼ਨ ਹੈਲੀਕਾਪਟਰ ਨੂੰ 7 ਜੂਨ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਸਮੱਸਿਆ ਕਾਰਨ ਸੜਕ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਵੇਂ ਹੀ ਹੈਲੀਕਾਪਟਰ ਇਕ ਆਬਾਦੀ ਵਾਲੇ ਖੇਤਰ ਨੇੜੇ ਇਕ ਸੜਕ ’ਤੇ ਉਤਰਿਆ, ਇਸ ਦਾ ਟੇਲ ਰੋਟਰ ਉੱਥੇ ਖੜੀ ਇਕ ਕਾਰ ਦੇ ਉੱਪਰ ਲੰਬੇ ਸਮੇਂ ਤੱਕ ਘੁੰਮਦਾ ਰਿਹਾ, ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ। ਹਾਲਾਂਕਿ, ਇਸ ਘਟਨਾ ਵਿਚ ਸਿਰਫ਼ ਪਾਇਲਟ ਹੀ ਜ਼ਖਮੀ ਹੋਇਆ ਅਤੇ ਹੈਲੀਕਾਪਟਰ ਵਿਚ ਸਵਾਰ ਸਾਰੇ 5 ਸ਼ਰਧਾਲੂ ਸੁਰੱਖਿਅਤ ਬਚ ਗਏ।


8 ਮਈ ਨੂੰ ਹੈਲੀਕਾਪਟਰ ਹਾਦਸੇ ’ਚ ਹੋਈ ਸੀ 6 ਲੋਕਾਂ ਦੀ ਮੌਤ

7 ਜੂਨ ਦੀ ਘਟਨਾ ਤੋਂ ਇਕ ਮਹੀਨਾ ਪਹਿਲਾਂ 8 ਮਈ ਨੂੰ ਗੰਗੋਤਰੀ ਧਾਮ ਜਾ ਰਿਹਾ ਇਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਉੱਤਰਕਾਸ਼ੀ ਜ਼ਿਲੇ ਦੇ ਗੰਗਾਨੀ ਵਿਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ 5 ਮਹਿਲਾ ਸ਼ਰਧਾਲੂਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 1 ਗੰਭੀਰ ਜ਼ਖਮੀ ਹੋ ਗਿਆ ਸੀ। 12 ਮਈ ਨੂੰ ਸ਼ਰਧਾਲੂਆਂ ਨੂੰ ਲੈ ਕੇ ਬਦਰੀਨਾਥ ਤੋਂ ਸਿਰਸੀ ਪਰਤ ਰਹੇ ਇਕ ਹੈਲੀਕਾਪਟਰ ਨੂੰ ਘੱਟ ਦ੍ਰਿਸ਼ਟੀ ਕਾਰਨ ਉਖੀਮੱਠ ਦੇ ਇਕ ਸਕੂਲ ਦੇ ਮੈਦਾਨ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਲਾਂਕਿ ਇਕ ਘੰਟੇ ਬਾਅਦ ਜਦੋਂ ਮੌਸਮ ਵਿਚ ਸੁਧਾਰ ਹੋਇਆ ਹੈਲੀਕਾਪਟਰ ਨੇ ਦੁਬਾਰਾ ਉਡਾਣ ਭਰੀ।


17 ਮਈ ਨੂੰ ਹੈਲੀ ਐਂਬੂਲੈਂਸ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਸੀ

17 ਮਈ ਨੂੰ ਏਮਜ਼ ਰਿਸ਼ੀਕੇਸ਼ ਦੀ ਇਕ ਹੈਲੀਕਾਪਟਰ ਐਂਬੂਲੈਂਸ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਸੀ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਉਸ ਵਿਚ ਸਵਾਰ ਤਿੰਨੋਂ ਲੋਕ-ਇਕ ਡਾਕਟਰ, ਇਕ ਪਾਇਲਟ ਅਤੇ ਇਕ ਮੈਡੀਕਲ ਸਟਾਫ ਮੈਂਬਰ ਖੁਸ਼ਕਿਸਮਤੀ ਨਾਲ ਸੁਰੱਖਿਅਤ ਬਚ ਗਏ।


ਹੈਲੀਕਾਪਟਰ ਕੰਪਨੀਆਂ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ : ਕਾਂਗਰਸ

ਸੂਬਾ ਕਾਂਗਰਸ ਦੇ ਉਪ-ਪ੍ਰਧਾਨ ਸੂਰਿਆਕਾਂਤ ਧਸਮਾਨਾ ਨੇ ਕਿਹਾ ਕਿ ਇਸ ਸਾਲ ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਲਗਭਗ ਡੇਢ ਮਹੀਨੇ ਵਿਚ ਯਾਤਰਾ ਮਾਰਗ ’ਤੇ ਇਹ 5ਵਾਂ ਹੈਲੀਕਾਪਟਰ ਹਾਦਸਾ ਹੈ। ਉਨ੍ਹਾਂ ਦੋਸ਼ ਲਾਇਆ, ‘ਇਸ ਤੋਂ ਸਾਬਿਤ ਹੁੰਦਾ ਹੈ ਕਿ ਯਾਤਰਾ ਮਾਰਗ ’ਤੇ ਕੰਮ ਕਰਨ ਵਾਲੀਆਂ ਹੈਲੀਕਾਪਟਰ ਕੰਪਨੀਆਂ ’ਤੇ ਸੂਬਾ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਹੈਲੀਕਾਪਟਰ ਸੰਚਾਲਨ ਲਈ ਕੋਈ ਐੱਸ. ਓ. ਪੀ. ਨਹੀਂ ਹੈ। ਪੈਸਾ ਕਮਾਉਣ ਲਈ ਹੈਲੀਕਾਪਟਰ ਕੰਪਨੀਆਂ ਯਾਤਰੀਆਂ ਦੀ ਸੁਰੱਖਿਆ ਨਾਲ ਖੇਡ ਰਹੀਆਂ ਹਨ। ਇਕ ਦਿਨ ਵਿਚ ਹੈਲੀਕਾਪਟਰਾਂ ਵਲੋਂ ਲਾਏ ਜਾਣ ਵਾਲੇ ਚੱਕਰਾਂ ਦੀ ਗਿਣਤੀ ’ਤੇ ਕੋਈ ਪਾਬੰਦੀ ਨਹੀਂ ਹੈ।’


author

Tanu

Content Editor

Related News