ਸਕੂਲਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ, ਹੁਣ Hybrid Mode ''ਚ ਲੱਗਣਗੀਆਂ ਕਲਾਸਾਂ
Monday, Nov 25, 2024 - 10:48 PM (IST)
ਨਵੀਂ ਦਿੱਲੀ- ਬੀਤੇ ਕਈ ਦਿਨਾਂ ਤੋਂ ਉੱਤਰੀ ਭਾਰਤ ਦਾ ਵੱਡਾ ਹਿੱਸਾ ਸੰਘਣੀ ਧੁੰਦ ਅਤੇ ਸਮੌਗ ਦੀ ਲਪੇਟ 'ਚ ਆਇਆ ਹੋਇਆ ਹੈ, ਜਿਸ ਕਾਰਨ ਸਕੂਲ ਬੰਦ ਕਰਕੇ ਕਲਾਸਾਂ ਆਨਲਾਈਨ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਹੁਣ ਇਸ ਮਾਮਲੇ 'ਚ ਅਦਾਲਤ ਨੇ ਸਕੂਲਾਂ ਦੇ ਸੰਚਾਲਨ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁਤਾਬਕ, ਦਿੱਲੀ 'ਚ ਸਾਰੀਆਂ ਕਲਾਸਾਂ ਹਾਈਬ੍ਰਿਡ ਮੋਡ 'ਚ ਲੱਗਣਗੀਆਂ, ਮਤਲਬ ਆਫਲਾਈਨ ਅਤੇ ਆਨਲਾਈਨ ਦੋਵਾਂ ਮੋਡ 'ਚ ਚਲਾਉਣ ਦਾ ਆਪਸ਼ਨ ਹੋਵੇਗਾ। ਅਦਾਲਤ ਨੇ ਇਸ ਦੇ ਨਾਲ ਦਿੱਲੀ 'ਚ ਗ੍ਰੈਪ-4 ਤਹਿਤ ਲਾਗੂ ਪਾਬੰਦੀਆਂ ਨੂੰ ਅੱਗੇ ਵੀ ਜਾਰੀ ਰੱਖਣ ਲਈ ਕਿਹਾ ਹੈ।
ਸਕੂਲਾਂ ਨੂੰ ਲੈ ਕੇ ਨਵਾਂ ਆਦੇਸ਼
ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM)ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦਿੱਲੀ ਤੋਂ ਇਲਾਵਾ ਐੱਨ.ਸੀ.ਆਰ. ਦੇ ਰਾਜਾਂ 'ਚ ਵੀ 12ਵੀਂ ਤਕ ਦੇ ਸਾਰੇ ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਕਲਾਸਾਂ ਲੈਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਸਕੂਲਾਂ ਕੋਲ ਫਿਜੀਕਲ ਅਤੇ ਆਨਲਾਈਨ ਦੋਵਾਂ ਮੋਡ 'ਚ ਸਕੂਲ ਚਲਾਉਣ ਦਾ ਆਪਸ਼ਨ ਹੋਵੇਗਾ। CAQM ਨੇ ਅੱਗੇ ਕਿਹਾ ਕਿ ਆਨਲਾਈਨ ਕਲਾਸਾਂ ਚਲਾਉਣ ਦਾ ਫੈਸਲਾ ਵਿਦਿਆਰਥੀਆਂ ਦੇ ਮਾਪਿਆਂ ਕੋਲ ਹੋਵੇਗਾ।
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਅੱਗੇ ਕਿਹਾ ਕਿ ਆਮਤੌਰ 'ਤੇ ਸਰਦੀਆਂ ਦੇ ਮਹੀਨਿਆਂ 'ਚ ਨਵੰਬਰ ਤੋਂ ਜਨਵਰੀ ਤਕ ਲੰਬੀ ਮਿਆਦ ਤਕ ਪ੍ਰਦੂਸ਼ਣ ਕਾਫੀ ਜ਼ਿਆਦਾ ਰਹਿੰਦਾ ਹੈ। AQI ਨੂੰ ਦੇਖਦੇ ਹੋਏ GRAP-III / IV ਨੂੰ ਇਨ੍ਹਾਂ ਮਹੀਨਿਆਂ ਦੌਰਾਨ ਕਾਫੀ ਸਮੇਂ ਤਕ ਲਾਗੂ ਕਰਨ ਦੀ ਲੋੜ ਹੁੰਦੀ ਹੈ। ਅਜਿਹੀਆਂ ਪਾਬੰਦੀਆਂ ਦਾ ਸਿੱਖਿਆ ਪ੍ਰਣਾਲੀ ਅਤੇ ਸਿੱਖਿਆ ਦੀ ਗੁਣਵੱਤਾ 'ਤੇ ਅਸਰ ਪੈਂਦਾ ਹੈ।