ਚੰਨ ਦੇ ਹੋਰ ਨੇੜੇ ਪੁੱਜਾ ਚੰਦਰਯਾਨ-3, ਪੰਧ ’ਚ ਉੱਪਰ ਚੁੱਕਣ ਦੀ ਚੌਥੀ ਕਵਾਇਦ ਸਫਲਤਾਪੂਰਵਕ ਪੂਰੀ
Friday, Jul 21, 2023 - 12:14 PM (IST)
ਬੈਂਗਲੂਰੂ, (ਯੂ. ਐੱਨ. ਆਈ.)- ਅੰਤਰਰਾਸ਼ਟਰੀ ਚੰਦਰ ਦਿਵਸ ’ਤੇ ਚੰਦਰਯਾਨ-3 ਨੇ ਆਪਣੇ ਟੀਚੇ ਵੱਲ ਵਧਦੇ ਹੋਏ ਵੀਰਵਾਰ ਨੂੰ ਚੰਦਰਮਾ ਦੇ ਪੰਧ ਵੱਲ ਇਕ ਹੋਰ ਕਦਮ ਅੱਗੇ ਵਧਾਇਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ‘ਚੰਦਰਯਾਨ-3’ ਨੂੰ ਚੰਦਰਮਾ ਦੇ ਪੰਧ ’ਚ ਉੱਪਰ ਚੁੱਕਣ ਦੀ ਚੌਥੀ ਕਵਾਇਦ ਸਫਲਤਾਪੂਰਵਕ ਪੂਰੀ ਕੀਤੀ। ਇਹ ਕਾਰਜ ਇੱਥੇ ਇਸਰੋ ਟੈਲੀਮੈਟਰੀ, ਟਰੈਕਿੰਗ ਐਂਡ ਕਮਾਂਡ ਨੈੱਟਵਰਕ (ਆਈ. ਐੱਸ. ਟੀ. ਆਰ. ਏ. ਸੀ.) ਵਲੋਂ ਕੀਤਾ ਗਿਆ।
ਪੁਲਾੜ ਏਜੰਸੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਗਲੀ ਕਵਾਇਦ 25 ਜੁਲਾਈ ਨੂੰ ਬਾਅਦ ਦੁਪਹਿਰ 2 ਅਤੇ 3 ਵਜੇ ਦੇ ਦਰਮਿਆਨ ਕੀਤੇ ਜਾਣ ਦੀ ਯੋਜਨਾ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਇਸਰੋ ਦੇ ਮੁਖੀ ਸੋਮਨਾਥ ਐੱਸ. ਨੇ ਇਸ ਤੋਂ ਪਹਿਲਾਂ ਕਿਹਾ ਸੀ, ‘‘ਪੁਲਾੜ ਯਾਨ ਚੰਨ ਦੇ ਸਫਰ ’ਤੇ ਹੈ। ਅਗਲੇ ਕੁੱਝ ਦਿਨਾਂ ’ਚ ਇਹ (ਲੈਂਡਰ ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਾਰਣ ਦਾ ਕਾਰਜ) ਕਰ ਵਿਖਾਏਗਾ।’’
ਗਗਨਯਾਨ ਦੀ ਪ੍ਰੋਪਲਸ਼ਨ ਪ੍ਰਣਾਲੀ ਦਾ ਸਫਲ ਪ੍ਰੀਖਣ
ਇਸ ਦਰਮਿਆਨ ਭਾਰਤੀ ਪੁਲਾੜ ਖੋਜ ਸੰਗਠਨ ਨੇ ਤਮਿਲਨਾਡੂ ਦੇ ਮਹੇਂਦਰਗਿਰੀ ’ਚ ਸਥਿਤ ਇਸਰੋ ਦੇ ਪ੍ਰੋਪਲਸ਼ਨ ਕੰਪਲੈਕਸ (ਆਈ. ਪੀ. ਆਰ. ਸੀ.) ’ਚ ਗਗਨਯਾਨ ਦੀ ਸਰਵਿਸ ਮਾਡਿਊਲ ਪ੍ਰੋਪਲਸ਼ਨ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ। ਗਗਨਯਾਨ ਪ੍ਰਾਜੈਕਟ ਦਾ ਟੀਚਾ 3 ਪੁਲਾੜ ਯਾਤਰੀਆਂ ਨੂੰ 3 ਦਿਨ ਲਈ 400 ਕਿਲੋਮੀਟਰ ਦੀ ਉਚਾਈ ’ਤੇ ਆਰਬਿਟ ’ਚ ਭੇਜਣਾ ਅਤੇ ਫਿਰ ਉਨ੍ਹਾਂ ਨੂੰ ਭਾਰਤ ਦੀ ਸਮੁੰਦਰੀ ਸੀਮਾ ’ਚ ਸਮੁੰਦਰ ’ਚ ਉਤਾਰ ਕੇ ਮਨੁੱਖ ਨੂੰ ਪੁਲਾੜ ਯਾਤਰਾ ’ਤੇ ਭੇਜਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ।