ਲੈਂਡਰ ਵਿਕ੍ਰਮ ਨਾਲ ਸੰਪਰਕ ਕਾਇਮ ਕਰਨ ਦੀ ਉਮੀਦ ਨਾ ਦੇ ਬਰਾਬਰ : ਇਸਰੋ
Saturday, Sep 07, 2019 - 10:32 AM (IST)

ਬੈਂਗਲੁਰੂ (ਭਾਸ਼ਾ)— ਚੰਦਰਯਾਨ-2 ਮਿਸ਼ਨ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 'ਵਿਕ੍ਰਮ' ਲੈਂਡਰ ਅਤੇ ਉਸ ਵਿਚ ਮੌਜੂਦ ਪ੍ਰਗਿਆਨ ਰੋਵਰ ਨੂੰ ਗੁਆ ਦਿੱਤਾ ਹੈ। ਇਸ ਤੋਂ ਪਹਿਲਾਂ ਲੈਂਡਰ ਜਦੋਂ ਚੰਦਰਮਾ ਦੀ ਸਤਿਹ ਨੇੜੇ ਜਾ ਰਿਹਾ ਸੀ ਤਾਂ ਤੈਅ ਸਾਫਟ ਲੈਂਡਿੰਗ ਤੋਂ ਚੰਦ ਮਿੰਟਾਂ ਪਹਿਲਾਂ ਉਸ ਦਾ ਧਰਤੀ ਸਥਿਤ ਕੰਟਰੋਲ ਕੇਂਦਰ ਤੋਂ ਸੰਪਰਕ ਟੁੱਟ ਗਿਆ। ਇਸਰੋ ਦੇ ਪ੍ਰਧਾਨ ਕੇ. ਸਿਵਾਨ ਨੇ ਕਿਹਾ ਕਿ ਵਿਕ੍ਰਮ ਲੈਂਡਰ ਚੰਦਰਮਾ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉੱਚਾਈ ਤਕ ਆਮ ਤਰੀਕੇ ਨਾਲ ਹੇਠਾਂ ਉਤਰਿਆ। ਇਸ ਤੋਂ ਬਾਅਦ ਲੈਂਡਰ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ। ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਚੰਦਰਯਾਨ-2 ਮਿਸ਼ਨ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲੈਂਡਰ ਨਾਲ ਕੋਈ ਸੰਪਰਕ ਨਹੀਂ ਹੈ। ਇਹ ਲੱਗਭਗ ਖਤਮ ਹੋ ਗਿਆ ਹੈ। ਕੋਈ ਉਮੀਦ ਨਹੀਂ ਹੈ। ਲੈਂਡਰ ਨਾਲ ਦੁਬਾਰਾ ਸੰਪਰਕ ਕਾਇਮ ਕਰਨਾ ਬਹੁਤ ਹੀ ਮੁਸ਼ਕਲ ਹੈ।
ਇੱਥੇ ਦੱਸ ਦੇਈਏ ਕਿ ਚੰਦਰਯਾਨ-2 ਮਿਸ਼ਨ ਦੇ ਤਹਿਤ ਭੇਜਿਆ ਗਿਆ 1,471 ਕਿਲੋਗ੍ਰਾਮ ਵਜ਼ਨੀ ਲੈਂਡਰ 'ਵਿਕ੍ਰਮ' ਭਾਰਤ ਦਾ ਪਹਿਲਾ ਸ਼ਿਮਨ ਸੀ, ਜੋ ਦੇਸ਼ ਦੀ ਤਕਨੀਕ ਦੀ ਮਦਦ ਨਾਲ ਚੰਦਰਮਾ 'ਤੇ ਖੋਜ ਕਰਨ ਲਈ ਭੇਜਿਆ ਗਿਆ ਸੀ। ਲੈਂਡਰ ਦਾ ਇਹ ਨਾਮ ਭਾਰਤੀ ਪੁਲਾੜ ਪ੍ਰੋਗਰਾਮ ਦੇ ਜਨਕ ਡਾ. ਵਿਕ੍ਰਮ ਏ. ਸਾਰਾਭਾਈ 'ਤੇ ਦਿੱਤਾ ਗਿਆ ਸੀ। ਇਸ ਨੂੰ ਚੰਦਰਮਾ ਦੀ ਸਤਿਹ 'ਤੇ ਸਾਫਟ ਲੈਂਡਿੰਗ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ ਅਤੇ ਇਸ ਨੂੰ ਇਕ ਚੰਦ ਦਿਵਸ ਯਾਨੀ ਕਿ ਪ੍ਰਿਥਵੀ ਦੇ 14 ਦਿਨ ਦੇ ਬਰਾਬਰ ਕੰਮ ਕਰਨਾ ਸੀ। ਲੈਂਡਰ ਵਿਕ੍ਰਮ ਦੇ ਅੰਦਰ 27 ਕਿਲੋਗ੍ਰਾਮ ਵਜ਼ਨੀ ਰੋਵਨ 'ਪ੍ਰਗਿਆਨ ਸੀ। ਸੌਰ ਊਰਜਾ ਨਾਲ ਚੱਲਣ ਵਾਲੇ ਪ੍ਰਗਿਆਨ ਨੂੰ ਉਤਰਨ ਦੀ ਥਾਂ ਤੋਂ 500 ਮੀਟਰ ਦੀ ਦੂਰੀ ਤਕ ਚੰਦਰਮਾ ਦੀ ਸਤਿਹ 'ਤੇ ਚੱਲਣ ਲਈ ਬਣਾਇਆ ਗਿਆ ਸੀ।