ਇਕ 'ਟਿਕਟ' ਕਰਕੇ ਦੋ ਸੂਬਿਆਂ 'ਚ ਛਿੜੀ Challan War, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Sunday, Oct 27, 2024 - 11:06 PM (IST)
ਨੈਸ਼ਨਲ ਡੈਸਕ- ਰਾਜਸਥਾਨ ਰੋਡਵੇਜ਼ 'ਚ ਹਰਿਆਣਾ ਦੀ ਇਕ ਮਹਿਲਾ ਕਾਂਸਟੇਬਲ ਦਾ ਟਿਕਟ ਨਾ ਲੈਣ 'ਤੇ ਚਲਾਨ ਕੱਟਿਆ ਗਿਆ। ਇਸ ਨਾਲ ਹਰਿਆਣਾ ਅਤੇ ਰਾਜਸਥਾਨ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਟਕਰਾਅ ਕਾਰਨ ਹਰਿਆਣਾ ਪੁਲਸ ਨੇ ਰਾਜਸਥਾਨ ਰੋਡਵੇਜ਼ ਦੀਆਂ 90 ਬੱਸਾਂ ਦੇ ਚਲਾਨ ਕੀਤੇ ਹਨ, ਜਦੋਂ ਕਿ ਐਤਵਾਰ ਨੂੰ ਰਾਜਸਥਾਨ ਵਿੱਚ ਹਰਿਆਣਾ ਰੋਡਵੇਜ਼ ਦੀਆਂ 26 ਬੱਸਾਂ ਦੇ ਚਲਾਨ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਹਰਿਆਣਾ ਦੀ ਰਹਿਣ ਵਾਲੀ ਮਹਿਲਾ ਕਾਂਸਟੇਬਲ ਰਾਜਸਥਾਨ ਰੋਡਵੇਜ਼ ਦੀ ਬੱਸ ਵਿੱਚ ਸਫ਼ਰ ਕਰ ਰਹੀ ਸੀ। ਕੰਡਕਟਰ ਨੇ ਉਸ ਤੋਂ ਟਿਕਟ ਮੰਗੀ। ਜਦੋਂ ਉਸ ਨੇ ਟਿਕਟ ਨਾ ਦਿੱਤੀ ਤਾਂ ਕੰਡਕਟਰ ਨੇ ਮਹਿਲਾ ਕਾਂਸਟੇਬਲ ਦਾ ਚਲਾਨ ਕਰ ਦਿੱਤਾ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਤੋਂ ਹਰਿਆਣਾ ਪੁਲਸ ਨਾਰਾਜ਼ ਹੈ।
ਚਲਾਨਾਂ ਕਾਰਨ ਰਾਜਸਥਾਨ ਰੋਡਵੇਜ਼ 'ਚ ਮਚੀ ਹਲਚਲ
ਇਸ ਤੋਂ ਬਾਅਦ ਹਰਿਆਣਾ ਪੁਲਸ ਰਾਜਸਥਾਨ ਤੋਂ ਆਉਣ ਵਾਲੀ ਹਰ ਬੱਸ ਦੇ ਚਲਾਨ ਕੱਟ ਰਹੀ ਹੈ, ਕਦੇ ਪ੍ਰਦੂਸ਼ਣ ਸਰਟੀਫਿਕੇਟ ਦੇ ਨਾਮ 'ਤੇ, ਕਦੇ ਡਰਾਈਵਰ ਅਤੇ ਕੰਡਕਟਰ ਦੀ ਵਰਦੀ ਠੀਕ ਨਾ ਹੋਣ ਦੇ ਨਾਂਅ 'ਤੇ ਅਤੇ ਕਦੇ ਟਾਇਰਾਂ 'ਚ ਹਵਾ ਦੇ ਨਾਂਅ 'ਤੇ। ਪਿਛਲੇ ਦੋ ਦਿਨਾਂ ਤੋਂ ਹਰਿਆਣਾ ਪੁਲਸ ਵੱਲੋਂ ਅਚਨਚੇਤ ਅਤੇ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਜਾਣ ਨੇ ਰਾਜਸਥਾਨ ਰੋਡਵੇਜ਼ ਵਿੱਚ ਹਲਚਲ ਮਚਾ ਦਿੱਤੀ ਹੈ।
ਦੋਵਾਂ ਸੂਬਿਆਂ ਦੇ ਅਧਿਕਾਰੀਆਂ ਵਿਚਾਲੇ ਹੋ ਰਹੀ ਗੱਲਬਾਤ
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਹੁਣ ਰਾਜਸਥਾਨ ਸਰਕਾਰ ਦੇ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ। ਹੁਣ ਰਾਜਸਥਾਨ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਹਰਿਆਣਾ ਪੁਲਸ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਦੱਸ ਦਈਏ ਕਿ ਟਿਕਟ ਨਾ ਲੈਣ 'ਤੇ ਮਹਿਲਾ ਕਾਂਸਟੇਬਲ ਦਾ ਚਲਾਨ ਕੱਟਣ ਦੀ ਵਾਇਰਲ ਹੋਈ ਵੀਡੀਓ ਕਾਰਨ ਰਾਜਸਥਾਨ ਅਤੇ ਹਰਿਆਣਾ 'ਚ ਭਾਰੀ ਹੰਗਾਮਾ ਹੋਇਆ ਹੈ।