ਮਾਮਲਾ ਸ਼ਰਾਬ ਘਪਲੇ ਦਾ : ਜ਼ਮਾਨਤ ਤੋਂ ਬਾਅਦ ਚੈਤਨਿਆ ਬਘੇਲ ਜੇਲ ਤੋਂ ਰਿਹਾਅ
Saturday, Jan 03, 2026 - 07:00 PM (IST)
ਰਾਏਪੁਰ, (ਭਾਸ਼ਾ)- ਛੱਤੀਸਗੜ੍ਹ ’ਚ ਕਥਿਤ ਸ਼ਰਾਬ ਘਪਲੇ ਨਾਲ ਸਬੰਧਤ ਇਕ ਮਾਮਲੇ ’ਚ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਇਕ ਦਿਨ ਬਾਅਦ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨੂੰ ਸ਼ਨੀਵਾਰ ਰਾਏਪੁਰ ਕੇਂਦਰੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।
ਉਸ ਨੂੰ ਪਿਛਲੇ ਸਾਲ 18 ਜੁਲਾਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਥਿਤ ਘਪਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਜੁਡੀਸ਼ੀਅਲ ਹਿਰਾਸਤ ’ਚ ਸੀ।
ਛੱਤੀਸਗੜ੍ਹ ਹਾਈ ਕੋਰਟ ਨੇ ਸ਼ੁੱਕਰਵਾਰ ਈ. ਡੀ. ਤੇ ਛੱਤੀਸਗੜ੍ਹ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਤੇ ਆਰਥਿਕ ਅਪਰਾਧ ਜਾਂਚ ਵਿੰਗ ਵੱਲੋਂ ਦਾਇਰ ਮਾਮਲੇ ’ਚ ਉਸ ਦੀ ਜ਼ਮਾਨਤ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਭੁਪੇਸ਼ ਬਘੇਲ, ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਹਮਾਇਤੀ ਉਸ ਦੀ ਰਿਹਾਈ ਸਮੇ ਜੇਲ ਦੇ ਬਾਹਰ ਮੌਜੂਦ ਸਨ।
