ਆਮ ਆਦਮੀ ਨੂੰ ਮਿਲੇਗੀ ਰਾਹਤ, ਇਸ ਕਾਰਨ ਜਲਦੀ ਘਟਣਗੇ ਪਿਆਜ਼ ਦੇ ਭਾਅ(ਦੇਖੋ ਵੀਡੀਓ)

01/08/2020 5:32:53 PM

ਨਵੀਂ ਦਿੱਲੀ — ਘਰੇਲੂ ਬਜ਼ਾਰ 'ਚ ਪਿਆਜ਼ ਦੀਆਂ ਕੀਮਤਾਂ ਘੱਟ ਹੋਣ ਨਾਲ ਸੂਬਾ ਸਰਕਾਰਾਂ ਵਿਦੇਸ਼ਾਂ ਤੋਂ ਆਯਾਤਿਤ ਪਿਆਜ਼ ਚੁੱਕਣ ਤੋਂ ਪਿੱਛੇ ਹੱਟ ਰਹੀਆਂ ਹਨ। ਖੁਰਾਕ ਮੰਤਰੀ ਰਾਮਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰੀ ਮਾਤਰਾ 'ਚ ਇਕੱਠੇ ਹੋਏ ਪਿਆਜ ਦੇ ਵਿਦੇਸ਼ੀ ਸਟਾਕ ਕਾਰਨ ਸਰਕਾਰ ਚਿੰਤਤ ਹੈ ਅਤੇ ਹੁਣ ਸਰਕਾਰ ਨੇ ਆਯਾਤਿਤ ਪਿਆਜ਼ ਦੀਆਂ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਹੈ। ਹੁਣ ਸੂਬਿਆਂ ਨੂੰ ਪਿਆਜ ਬੰਦਰਗਾਹਾਂ ਤੱਕ ਲਿਆਏ ਜਾਣ ਦੀ ਲਾਗਤ(ਲੈਂਡਿੰਗ ਕਾਸਟ) 'ਤੇ ਉਪਲੱਬਧ ਕਰਵਾਇਆ ਜਾਵੇਗਾ ਜਦੋਂਕਿ ਆਵਾਜਾਈ ਦੀ ਲਾਗਤ ਸਰਕਾਰ ਖੁਦ ਸਹਿਣ ਕਰੇਗੀ।

ਕੇਂਦਰੀ ਖੁਰਾਕ ਅਤੇ ਉਪਭੋਗਤਾਂ ਮਾਮਲਿਆਂ ਦੇ ਮੰੰਤਰੀ ਰਾਮਵਿਲਾਸ ਪਾਸਵਾਨ ਨੇ ਦੱਸਿਆ ਕਿ ਜਦੋਂ ਘਰੇਲੂ ਬਜ਼ਾਰ ਵਿਚ ਪਿਆਜ਼ ਦੀ ਕੀਮਤ 120 ਤੋਂ 150 ਰੁਪਏ ਪ੍ਰਤੀ ਕਿਲੋ ਸੀ ਉਸ ਸਮੇਂ ਸੂਬਿਆਂ ਨੇ 33,139 ਟਨ ਪਿਆਜ ਦੀ ਮੰਗ ਕੀਤੀ ਸੀ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 41,950 ਟਨ ਪਿਆਜ ਦੇ ਆਯਾਤ ਦਾ ਆਰਡਰ ਦਿੱਤਾ ਸੀ। ਇਹ ਆਰਡਰ 49 ਤੋਂ 58 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਦਿੱਤਾ ਗਿਆ ਹੈ। ਬਾਅਦ ਵਿਚ ਘਰੇਲੂ ਬਜ਼ਾਰ 'ਚ ਕੀਮਤ ਘੱਟ ਹੋਣ ਨਾਲ ਕੁਝ ਸੂਬਿਆਂ ਨੇ ਇਸ ਦਾ ਆਰਡਰ ਰੱਦ ਕਰ ਦਿੱਤਾ। ਹੁਣ ਤੱਕ ਮਹਾਰਾਸ਼ਟਰ ਨੇ 3,480 ਟਨ, ਅਸਾਮ ਨੇ 10,000 ਟਨ, ਹਰਿਆਣਾ ਨੇ 2,500 ਟਨ, ਕਰਨਾਟਕ ਨੇ 250 ਟਨ ਅਤੇ ਓਡੀਸ਼ਾ ਨੇ 100 ਟਨ ਪਿਆਜ਼ ਦਾ ਆਰਡਰ ਰੱਦ ਕੀਤਾ ਹੈ।

ਸਰਕਾਰ ਨੂੰ ਵੀ ਰੱਦ ਕਰਨਾ ਪਿਆ 5 ਹਜ਼ਾਰ ਟਨ ਪਿਆਜ਼ ਦਾ ਆਰਡਰ 

ਪਾਸਵਾਨ ਨੇ ਕਿਹਾ ਕਿ ਸੂਬਿਆਂ ਵਲੋਂ ਪਿਆਜ਼ ਨਾ ਚੁੱਕੇ ਜਾਣ ਕਰਕੇ ਕੇਂਦਰ ਸਰਕਾਰ ਨੇ 5,000 ਟਨ ਪਿਆਜ ਦਾ ਆਰਡਰ ਰੱਦ ਕਰ ਦਿੱਤਾ ਹੈ। ਹਾਲਾਂਕਿ ਭਾਰਤੀ ਬੰਦਰਗਾਹਾਂ 'ਤੇ ਹੁਣ ਤੱਕ ਕਰੀਬ 13,800 ਟਨ ਪਿਆਜ਼ ਪਹੁੰਚ ਚੁੱਕਾ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ 36 ਟਨ ਪਿਆਜ਼ ਹੋਰ ਆ ਜਾਵੇਗਾ।

ਘੱਟ ਹੋ ਰਹੀਆਂ ਹਨ ਪਿਆਜ਼ ਦੀਆਂ ਕੀਮਤਾਂ

ਸਰਕਾਰੀ ਅੰਕੜਿਆਂ ਅਨੁਸਾਰ ਨਵੀਂ ਫਸਲ ਆਉਣ ਕਰਕੇ ਘਰੇਲੂ ਬਜ਼ਾਰ ਵਿਚ ਪਿਆਜ਼ ਦੇ ਭਾਅ 'ਚ ਨਰਮੀ ਆਈ ਹੈ। ਦਿੱਲੀ ਵਿਚ ਮੰਗਲਵਾਰ ਨੂੰ ਪਿਆਜ਼ 70 ਰੁਪਏ ਕਿਲੋ ਦੇ ਭਾਅ ਵਿਕਿਆ, ਜਿਹੜਾ ਕਿ 19 ਦਸੰਬਰ ਨੂੰ 118 ਰੁਪਏ ਕਿਲੋ ਤੱਕ ਵਿਕ ਰਿਹਾ ਸੀ। ਇਸੇ ਤਰ੍ਹਾਂ ਮੁੰਬਈ ਵਿਚ ਪਿਆਜ਼ ਦੀ ਕੀਮਤ 120 ਰੁਪਏ ਤੋਂ ਡਿੱਗ ਕੇ 80 ਰੁਪਏ ਤੱਕ ਪਹੁੰਚ ਗਈ ਹੈ। ਇਸ ਦੌਰਾਨ ਸਰਕਾਰ ਨੇ ਆਯਾਤਿਤ ਪਿਆਜ਼ ਵਿਚੋਂ ਕਰੀਬ 1,000 ਟਨ ਪਿਆਜ਼ ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ਵਰਗੇ ਸੂਬਿਆਂ ਨੂੰ ਭੇਜ ਦਿੱਤਾ ਸੀ।
 


Related News