ਮੁਫ਼ਤ ਬਿਜਲੀ ਯੋਜਨਾ ਨਾਲ 6 ਮਹੀਨਿਆਂ 'ਚ 'ਸੌਰ ਊਰਜਾ ਸਮਰੱਥਾ' 'ਚ ਹੋਇਆ 50 ਫ਼ੀਸਦੀ ਵਾਧਾ
Friday, Nov 01, 2024 - 04:02 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ 'ਚੋਂ ਇਕ ਪੀ.ਐੱਮ. ਸੂਰੀਆ ਘਰ : ਮੁਫ਼ਤ ਬਿਜਲੀ ਯੋਜਨਾ ਨੂੰ ਲੈ ਕੇ ਨਵੇਂ ਅੰਕੜੇ ਜਾਰੀ ਹੋਏ ਹਨ। ਇਕ ਰਿਪੋਰਟ ਅਨੁਸਾਰ, ਇਸ ਯੋਜਨਾ ਦੇ ਸ਼ੁਰੂ ਹੋਣ ਦੇ ਸਿਰਫ਼ 6 ਮਹੀਨਿਆਂ 'ਚ ਹੀ ਸੌਰ ਛੱਤ ਸਮਰੱਥਾ (ਸੋਲਰ ਰੂਫਸਟਾਪ ਕੈਪੇਸਿਟੀ) 'ਚ 50 ਫ਼ੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਇਸ ਯੋਜਨਾ ਨੂੰ 29 ਫਰਵਰੀ ਨੂੰ 75,021 ਕਰੋੜ ਰੁਪਏ ਦੇ ਅਲਾਟਮੈਂਟ ਨਾਲ ਮਨਜ਼ੂਰੀ ਦਿੱਤੀ ਗਈ ਸੀ। ਯੋਜਨਾ ਸੌਰ ਛੱਤ ਸਮਰੱਥਾ ਦੇ ਹਿੱਸੇ ਨੂੰ ਵਧਾਉਣ ਦੇ ਮਕਸਦ ਨਾਲ ਲਿਆਂਦੀ ਗਈ ਹੈ ਅਤੇ ਰਿਹਾਇਸ਼ੀ ਘਰਾਂ ਨੂੰ ਆਪਣੀ ਬਿਜਲੀ ਪੈਦਾ ਕਰਨ 'ਚ ਸਮਰੱਥ ਬਣਾਉਣ ਨੂੰ ਲੈ ਕੇ ਮਹੱਤਵਪੂਰਨ ਹੈ।
ਨਵੀਨ ਅਤੇ ਨਵੀਨੀਕਰਨ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਹਾਲ ਹੀ 'ਚ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਦੇ ਅਧੀਨ ਹੁਣ ਤੱਕ ਲਗਭਗ 4 ਲੱਖ ਸੌਰ ਛੱਤ ਕਨੈਕਸ਼ਨ ਸਥਾਪਤ ਕੀਤੇ ਹਨ। ਇਹ 6 ਮਹੀਨਿਆਂ 'ਚ 1.8 ਗੀਗਾਵਾਟ ਦੀ ਨਵੀਂ ਰਿਹਾਇਸ਼ੀ ਸੌਰ ਛੱਤ ਸਮਰੱਥਾ ਦੀ ਸਥਾਪਨਾ ਲਈ ਹੈ। ਜੇ.ਐੱਮ.ਕੇ. ਰਿਸਰਚ ਐਂਡ ਐਨਾਲਿਟਿਕਸ ਦੀ ਇਕ ਰਿਪੋਰਟ 'ਚ ਦਿਖਾਇਆ ਗਿਆ ਹੈ ਕਿ ਇਹ ਭਾਰਤ ਦੀ ਕੁੱਲ ਰਿਹਾਇਸ਼ੀ ਸੌਰ ਛੱਤ ਸਮਰੱਥਾ ਦੇ ਅੱਧੇ ਤੋਂ ਵੱਧ ਹੈ। ਮਾਰਚ ਤੱਕ ਭਾਰਤ 'ਚ ਸਥਾਪਤ ਰਿਹਾਇਸ਼ੀ ਸੌਰ ਛੱਤ ਸਮਰੱਥਾ ਲਗਭਗ 3.2 ਗੀਗਾਵਾਟ ਅਤੇ ਦੇਸ਼ 'ਚ ਸਥਾਪਿਤ ਕੁੱਲ ਇਕਾਈਆਂ ਦਾ 27 ਫ਼ੀਸਦੀ ਸੀ। ਰਿਹਾਇਸ਼ੀ ਘਰਾਂ ਨੂੰ ਸੌਰ ਛੱਤ ਇਕਾਈਆਂ ਦਾ ਵਿਕਲਪ ਚੁਣਨ ਦੀ ਸਮਰੱਥਾ ਵਧਾਉਣ ਲਈ, ਸਰਕਾਰ ਨੇ ਮਾਡਿਊਲ ਲਈ ਸਬਸਿਡੀ ਨੂੰ 40 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਹੈ। ਘਰਾਂ ਨੂੰ ਘੱਟ ਤੋਂ ਘੱਟ 7 ਦੀ ਵਿਆਜ਼ ਦਰ 'ਤੇ ਕਰਜ਼ ਵੀ ਪ੍ਰਦਾਨ ਕੀਤਾ ਹੈ। ਰਿਪੋਰਟ ਅਨੁਸਾਰ ਇਹ ਯੋਜਨਾ ਭਾਰਤ ਦੀ ਸੌਰ ਊਰਜਾ ਨੂੰ ਲੈ ਕੇ ਮੀਲ ਦਾ ਪੱਥਰ ਸਾਬਿਤ ਹੋਵੇਗੀ ਜੋ 2027 ਤੱਕ ਰਿਹਾਇਸ਼ੀ ਸੌਰ ਸਮਰੱਥਾ ਨੂੰ 30 ਗੀਗਾਵਾਟ ਤੱਕ ਵਧਾਏਗੀ। ਇਹ ਯੋਜਨਾ ਭਾਰਤ ਦੇ ਨਵੀਨੀਕਰਨ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਮਹੱਤਵਪੂਰਨ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8