ਕੇਂਦਰ ਸਰਕਾਰ ਬੁਲੇਟ ਟਰੇਨ ''ਤੇ ਕਰੋੜਾਂ ਰੁਪਏ ਖਰਚ ਕਰ ਸਕਦੀ ਹੈ ਪਰ ਦੁੱਧ ਉਤਪਾਦਕਾਂ ਲਈ ਕਿਉਂ ਨਹੀਂ : ਸ਼ਿਵ ਸੈਨਾ

07/18/2018 4:19:36 AM

ਮੁੰਬਈ — ਮਹਾਰਾਸ਼ਟਰ 'ਚ ਦੁੱਧ ਉਤਪਾਦਕ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਸ਼ਿਵ ਸੈਨਾ ਨੇ ਮੰਗਲਵਾਰ ਇਹ ਜਾਣਨਾ ਚਾਹਿਆ ਕਿ ਜੇ ਕੇਂਦਰ ਸਰਕਾਰ ਬੁਲੇਟ ਟਰੇਨ ਵਰਗੀਆਂ ਮਹਿੰਗੀਆਂ ਯੋਜਨਾਵਾਂ 'ਤੇ ਕਰੋੜਾਂ ਰੁਪਏ ਖਰਚ ਕਰ ਸਕਦੀ ਹੈ ਤਾਂ ਉਹ ਦੁੱਧ ਦੀ ਖਰੀਦ ਦੇ ਮੁੱਲ 'ਚ ਵਾਧਾ ਕਿਉਂ ਨਹੀਂ ਕਰ ਸਕਦੀ? ਸ਼ਿਵ ਸੈਨਾ ਨੇ ਆਪਣੇ ਰਸਾਲੇ 'ਸਾਮਨਾ' ਵਿਚ ਲਿਖੇ ਸੰਪਾਦਕੀ 'ਚ ਕਿਹਾ ਹੈ ਕਿ ਅੰਦੋਲਨ  ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨੂੰ ਇਕ ਕਿਸਾਨ ਨੇਤਾ ਰਾਜੂ ਸ਼ੈੱਟੀ ਨੇ ਸ਼ੁਰੂ ਕੀਤਾ ਹੈ। ਕਿਸਾਨ ਨਾ ਤਾਂ ਕਿਸੇ ਖੇਤਰ ਵਿਸ਼ੇਸ਼ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹਨ।
ਸੰਪਾਦਕੀ ਮੁਤਾਬਕ 3000 ਤੋਂ ਵੱਧ ਕਿਸਾਨਾਂ ਨੇ ਪਿਛਲੇ 4 ਸਾਲਾਂ ਦੌਰਾਨ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਨ੍ਹਾਂ ਵਿਚੋਂ ਵਧੇਰੇ ਕਿਸਾਨਾਂ ਨੇ ਨਰਿੰਦਰ ਮੋਦੀ ਨੂੰ ਵੋਟਾਂ ਪਾਈਆਂ ਸਨ। ਸਰਕਾਰ ਨੇ ਦੁੱਧ ਦੀ ਖਰੀਦ ਦਰ 27 ਰੁਪਏ ਪ੍ਰਤੀ ਲਿਟਰ ਰੱਖੀ ਹੈ ਪਰ ਇਸ ਨੂੰ ਸਿਰਫ 16-17 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ।


Related News