ਲਾਕਡਾਊਨ ਸਬੰਧੀ ਮੁੱਖ ਮੰਤਰੀ ਜੈਰਾਮ ਨੇ ਕੇਂਦਰ ਸਰਕਾਰ ਨੂੰ ਕੀਤੀ ਇਹ ਬੇਨਤੀ
Tuesday, May 12, 2020 - 05:09 PM (IST)

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੇਂਦਰ ਸਰਕਾਰ ਨੂੰ ਲਾਕਡਾਊਨ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਕਾਰਨ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਸੀ.ਐੱਮ. ਠਾਕੁਰ ਨੇ ਦੱਸਿਆ ਹੈ ਕਿ ਸੂਬੇ 'ਚ ਕੋਰੋਨਾ ਪੀੜਤਾਂ ਦੀ ਇਕ ਹਫਤੇ ਪਹਿਲਾਂ ਗਿਣਤੀ 40 ਸੀ ਜੋ ਹੁਣ ਵੱਧ ਕੇ 64 ਤੱਕ ਪਹੁੰਚ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਪਰ ਬਾਹਰੀ ਸੂਬਿਆਂ 'ਚ ਫਸੇ ਹਿਮਾਚਲਵਾਸੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਵੀ ਸੂਬਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੋਰ ਸੂਬਿਆਂ 'ਚ ਹਿਮਾਚਲ ਦੇ ਲਗਭਗ 55 ਹਜ਼ਾਰ ਲੋਕ ਫਸੇ ਹੋਏ ਹਨ, ਜੋ ਆਪਣੇ ਘਰ ਵਾਪਸ ਆਉਣਾ ਚਾਹੁੰਦੇ ਹਨ ਜਦਕਿ ਸੂਬੇ 'ਚ 68 ਹਜ਼ਾਰ ਲੋਕ ਅਜਿਹੇ ਵੀ ਹਨ, ਜੋ ਵਾਪਸ ਆਪਣੇ ਸੂਬਿਆਂ ਨੂੰ ਜਾਣਾ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਲਾਗੂ ਲਾਕਡਾਊਨ ਕਾਰਨ ਸੂਬੇ ਦੀ ਆਰਥਿਕ ਸਥਿਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਇਸ ਲਈ ਹੁਣ ਸੂਬਾ ਸਰਕਾਰ ਨੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਲਈ ਵੱਖ-ਵੱਖ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਹਾਮਾਰੀ ਦਾ ਅਸਰ ਸੈਰ ਸਪਾਟਾ ਉਦਯੋਗ 'ਤੇ ਵੀ ਪੈ ਰਿਹਾ ਹੈ। ਸਰਕਾਰ ਕਰਮਚਾਰੀਆਂ ਦੀ ਲਾਕਡਾਊਨ ਦੌਰਾਨ ਤਨਖਾਹ ਵੀ ਚੁੱਕਾ ਰਹੀ ਹੈ।
ਮੁੱਖ ਮੰਤਰੀ ਠਾਕੁਰ ਨੇ ਕਿਹਾ ਹੈ ਕਿ ਸੇਬ ਦਾ ਸੀਜ਼ਨ ਆਉਣ ਵਾਲਾ ਹੈ ਅਤੇ ਦਿੱਲੀ ਆਜ਼ਾਦਪੁਰ ਮੰਡੀ ਕੋਰੋਨਾ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਇਸ ਲਈ ਬਾਗਵਾਨਾਂ ਨੂੰ ਉਨ੍ਹਾਂ ਦੇ ਉਤਪਾਦ ਵੇਚਣ ਦੀ ਸਹੂਲਤ ਪ੍ਰਦਾਨ ਕਰਨ ਲਈ ਵਿਕਲਪਿਕ ਪ੍ਰਬੰਧ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਟੋਕਨ ਟੈਕਸੀ ਅਤੇ ਵਿਸ਼ੇਸ਼ ਸੜਕ ਕਰ ਨੂੰ 4 ਮਹੀਨਿਆਂ ਲਈ ਮਾਫ ਕਰ ਦਿੱਤਾ ਗਿਆ ਹੈ ਅਤੇ ਨਿਜੀ ਵਾਹਨਾਂ ਦੇ ਪੰਜੀਕਰਨ ਅਤੇ ਪਰਮਿਟ ਆਦਿ ਦੇ ਨਵੀਨੀਕਰਨ ਦੀ ਦੇਰੀ 'ਤੇ ਕੋਈ ਜ਼ੁਰਮਾਨਾ ਨਹੀਂ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਐੱਚ.ਆਰ.ਟੀ.ਸੀ ਨੂੰ 55 ਕਰੋੜ ਰੁਪਏ ਦਿੱਤੇ ਜਾਣਗੇ।