ਕੇਂਦਰ ਨੇ ਦਿੱਤਾ 4 ਸੂਬਿਆਂ, 2 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਜਾਂਚ ਵਧਾਉਣ ਦਾ ਹੁਕਮ

09/07/2020 1:07:59 AM

ਨਵੀਂ ਦਿੱਲੀ-  ਕੇਂਦਰ ਨੇ 4 ਸੂਬਿਆਂ ਤੇ 2 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਇਨਫੈਕਸ਼ਨ ਦੀ ਦਰ 5 ਫੀਸਦੀ ਤੋਂ ਹੇਠਾਂ ਲਿਆਉਣ ਦੇ ਲਈ ਵਰਜਿਤ ਉਪਾਅ ਮਜ਼ਬੂਤ ਕਰਨ ਤੇ ਜਾਂਚ ਵਧਾਉਣ ਨੂੰ ਕਿਹਾ ਹੈ। ਇਨ੍ਹਾਂ ਸੂਬਿਆਂ ਦੇ 35 ਜ਼ਿਲਿਆਂ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਤੇ ਮੌਤ ਦਰ ਵਧੇਰੇ ਹੈ। ਇਨ੍ਹਾਂ 35 ਜ਼ਿਲਿਆਂ ਵਿਚ ਦਿੱਲੀ ਦੇ ਸਾਰੇ 11 ਜ਼ਿਲੇ, ਪੱਛਮੀ ਬੰਗਾਲ ਵਿਚ ਕੋਲਕਾਤਾ, ਹਾਵੜਾ, ਉੱਤਰ 24 ਪਰਗਨਾ ਤੇ ਦੱਖਣ 24 ਪਰਗਨਾ, ਮਹਾਰਾਸ਼ਟਰ ਵਿਚ ਪੁਣੇ, ਨਾਗਾਪੁਰ, ਠਾਣੇ, ਮੁੰਬਈ ਉਪਨਗਰ, ਕੋਹਲਾਪੁਰ, ਸਾਂਗਲੀ, ਨਾਸਿਕ, ਅਹਿਮਦਨਗਰ, ਰਾਏਗੜ੍ਹ, ਜਲਗਾਂਵ, ਸੋਲਾਪੁਰ, ਸਤਾਰਾ, ਪਾਲਘਰ, ਔਰੰਗਾਬਾਦ, ਧੁਲੇ ਤੇ ਨਾਂਦੇੜ, ਗੁਜਰਾਤ ਵਿਚ ਸੂਰਤ, ਪੁੱਡੂਚੇਰੀ ਵਿਚ ਪਾਂਡਿਚੇਰੀ ਤੇ ਝਾਰਖੰਡ ਵਿਚ ਪੂਰਬੀ ਸਿੰਘਭੂਮ ਸ਼ਾਮਲ ਹਨ।
ਸਿਹਤ ਮੰਤਰਾਲਾ ਨੇ ਕਿਹਾ ਕਿ ਸਮੀਖਿਆ ਬੈਠਕ ਵਿਚ ਸੂਬਿਆਂ ਤੋਂ ਵਾਇਰਸ ਦੇ ਪ੍ਰਸਾਰ ਦੀ ਲੜੀ ਨੂੰ ਤੋੜਣ ਦੇ ਲਈ ਸਖਤ ਕੰਟਰੋਲ ਪੁਖਤਾ ਕਰਨ, ਪਹਿਲਾਂ ਤੋਂ ਬੀਮਾਰੀਆਂ ਦੀ ਚਪੇਟ ਵਿਚ ਰਹਿ ਰਹੇ ਵਿਅਕਤੀਆਂ ਤੇ ਬਜ਼ੁਰਗ ਆਬਾਦੀ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਇਨਫੈਕਸ਼ਨ ਦੇ ਮਾਮਲਿਆਂ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਮਜ਼ਬੂਤ ਕਰਨ, ਜਾਂਚ ਵਿਚ ਤੇਜ਼ੀ ਲਿਆਉਣ ਤੇ ਆਰਟੀ-ਪੀ.ਸੀ.ਆਰ. ਜਾਂਚ ਸਮਰਥਾ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਨੂੰ ਕਿਹਾ ਗਿਆ। 
ਕੋਰੋਨਾ ਕਾਰਣ ਮੌਤਾਂ ਘੱਟ ਕਰਨ ਦੇ ਲਈ ਕੇਂਦਰੀ ਟੀਮਾਂ ਆਉਣਗੀਆਂ ਪੰਜਾਬ ਤੇ ਚੰਡੀਗੜ੍ਹ
ਕੇਂਦਰੀ ਸਿਹਤ ਮੰਤਰਾਲਾ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਕੋਵਿਡ-19 ਮਹਾਮਾਰੀ ਦੀ ਮੌਤ ਦਰ ਘਟਾਉਣ ਦੇ ਲਈ ਕੰਟਰੋਲ, ਨਿਗਰਾਨੀ, ਪ੍ਰੀਖਣ ਤੇ ਮਰੀਜ਼ਾਂ ਦੇ ਅਸਰਦਾਰ ਮੈਡੀਕਲ ਪ੍ਰਬੰਧਨ ਲਈ ਜਨਸਿਹਤ ਉਪਾਵਾਂ ਨੂੰ ਮਜ਼ਬੂਤ ਕਰਨ ਵਿਚ ਉਥੋਂ ਦੇ ਪ੍ਰਸ਼ਾਸਨਾਂ ਨੂੰ ਸਹਿਯੋਗ ਪਹੁੰਚਾਉਣ ਦੇ ਲਈ ਕੇਂਦਰਿਤ ਦਲ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਮੰਤਰਾਲਾ ਨੇ ਕਿਹਾ ਕਿ ਉਹ ਸਮੇਂ ਨਾਲ ਬੀਮਾਰੀ ਦਾ ਪਤਾ ਲਗਾਉਣ ਤੇ ਉਸ ਤੋਂ ਬਾਅਦ ਦੇ ਜ਼ਰੂਰੀ ਕਦਮਾਂ ਨਾਲ ਜੁੜੀਆਂ ਚੁਣੌਤੀਆਂ ਦੇ ਅਸਰਦਾਰ ਹੱਲ ਦੇ ਲਈ ਮਾਰਗਦਰਸ਼ਨ ਕਰਨਗੇ। ਇਨ੍ਹਾਂ 2 ਮੈਂਬਰੀ ਟੀਮਾਂ ਵਿਚ ਪੀ.ਜੀ.ਆਈ.ਐੱਮ.ਈ.ਆਰ. ਦੇ ਭਾਈਚਾਰਕ ਮੈਡੀਸਿਨ ਮਾਹਰ ਤੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਮਹਾਮਾਰੀ ਵਿਗਿਆਨੀ ਹੋਣਗੇ। ਦੋਵੇਂ ਟੀਮਾਂ 10 ਦਿਨਾਂ ਦੇ ਲਈ ਪੰਜਾਬ ਤੇ ਚੰਡੀਗੜ ਵਿਚ ਰਹਿਣਗੀਆਂ ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਬੰਧਨ ਵਿਚ ਮਾਰਗਦਰਸ਼ਨ ਕਰਨਗੀਆਂ। 
5 ਸੂਬਿਆਂ 'ਚ ਕੋਰੋਨਾ ਦੇ 62 ਫੀਸਦੀ ਮਾਮਲੇ ਤੇ 70 ਫੀਸਦੀ ਮੌਤਾਂ 
ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ 5 ਸੂਬਿਆਂ-ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਮਿਲਨਾਡੂ ਤੇ ਦਿੱਲੀ ਵਿਚ ਕੁੱਲ 62 ਫੀਸਦੀ ਸਰਗਰਮ ਮਾਮਲੇ ਹਨ। 70 ਫੀਸਦੀ ਮੌਤਾਂ ਵੀ ਇਨ੍ਹਾਂ ਹੀ ਸੂਬਿਆਂ ਵਿਚ ਹੋਈਆਂ ਹਨ। ਕੁੱਲ ਮੌਤਾਂ ਵਿਚ ਮਹਾਰਾਸ਼ਟਰ ਵਿਚ 37.33 ਫੀਸਦੀ ਮੌਤਾਂ ਹੋਈਆਂ ਹਨ। ਜੇਕਰ ਕੁੱਲ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਮਹਾਰਾਸ਼ਟਰ ਵਿਚ 25 ਫੀਸਦੀ, ਆਂਧਰਾ ਪ੍ਰਦੇਸ਼ ਵਿਚ 12.06 ਫੀਸਦੀ, ਕਰਨਾਟਕ ਵਿਚ 11.71 ਫੀਸਦੀ, ਉੱਤਰ ਪ੍ਰਦੇਸ਼ ਵਿਚ 6.92 ਫੀਸਦੀ ਤੇ ਤਮਿਲਨਾਡੂ ਵਿਚ 6.10 ਫੀਸਦੀ ਮਾਮਲੇ ਹਨ।


Gurdeep Singh

Content Editor

Related News