ਕੇਂਦਰ ਨੇ ਮੀਂਹ ਪ੍ਰਭਾਵਿਤ ਹਿਮਾਚਲ ਨੂੰ 200 ਕਰੋੜ ਰੁਪਏ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

08/20/2023 5:51:00 PM

ਨਵੀਂ ਦਿੱਲੀ- ਕੇਂਦਰ ਨੇ ਮੀਂਹ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਨੂੰ ਪੀੜਤ ਲੋਕਾਂ ਲਈ ਰਾਹਤ ਉਪਾਅ ਕਰਨ 'ਚ ਮਦਦ ਕਰਨ ਲਈ ਸਹਾਇਤਾ ਦੇ ਰੂਪ 'ਚ ਰਾਸ਼ਟਰੀ ਆਫਤ ਪ੍ਰਤੀਕਿਰਿਆ ਫੰਡ (NDRF) ਤੋਂ 200 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਕੇਂਦਰ ਨੇ ਪਹਿਲਾਂ 10 ਅਤੇ 17 ਜੁਲਾਈ ਨੂੰ ਦੋ ਕਿਸ਼ਤਾਂ 'ਚ ਸੂਬਾ ਆਫ਼ਤ ਪ੍ਰਤੀਕਿਰਿਆ ਫੰਡ ਦੇ ਕੇਂਦਰੀ ਹਿੱਸੇ 'ਚੋਂ 360.80 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਸੀ। 

ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 7 ਅਗਸਤ ਨੂੰ ਰਾਸ਼ਟਰੀ ਆਫਤ ਪ੍ਰਤੀਕਿਰਿਆ ਫੰਡ ਤੋਂ ਸੂਬੇ ਦੀ ਪਿਛਲੀ ਬਕਾਇਆ ਰਾਸ਼ੀ ਦੇ 189.27 ਕਰੋੜ ਰੁਪਏ ਵੀ ਜਾਰੀ ਕੀਤੇ ਸਨ। ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਨੇ ਮੌਜੂਦਾ ਮਾਨਸੂਨ ਦੌਰਾਨ ਪ੍ਰਭਾਵਿਤ ਲੋਕਾਂ ਲਈ ਰਾਹਤ ਉਪਾਅ ਕਰਨ 'ਚ ਮਦਦ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ ਤੋਂ 200 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। 

ਬੁਲਾਰੇ ਨੇ ਦੱਸਿਆ ਕਿ ਕੇਂਦਰ  ਸਰਕਾਰ ਹਿਮਾਚਲ ਪ੍ਰਦੇਸ਼ ਵਿਚ ਸਥਿਤੀ 'ਤੇ 24 ਘੰਟੇ ਨਜ਼ਰ ਰੱਖ ਰਹੀ ਹੈ ਅਤੇ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਨੂੰ ਜ਼ਰੂਰੀ ਰਸਦ ਅਤੇ ਵਿੱਤੀ ਮਦਦ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਲਈ ਰਾਸ਼ਟਰੀ ਆਫ਼ਤ ਮੋਚਨ ਬਲ ਦੀਆਂ 20 ਟੀਮਾਂ, ਭਾਰਤੀ ਫ਼ੌਜ ਦੀਆਂ 9 ਟੁਕੜੀਆਂ ਅਤੇ ਭਾਰਤੀ ਹਵਾਈ ਫ਼ੌਜ ਦੇ 3 ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਵਿਚ ਤਾਇਨਾਤ ਕੀਤੇ ਗਏ ਹਨ। 


Tanu

Content Editor

Related News