CBI ਨੇ ਹਿਮਾਚਲ ਪ੍ਰਦੇਸ਼ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਆਪਣੇ ਹੱਥਾਂ ''ਚ ਲਈ
Sunday, Dec 04, 2022 - 04:00 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਕਾਂਸਟੇਬਲ ਭਰਤੀ ਪ੍ਰੀਖਿਆ ਨਾਲ ਸੰਬੰਧਤ ਪ੍ਰਸ਼ਨ ਪੱਤਰ ਲੀਕ ਹੋਣ ਦੇ ਲਗਭਗ 7 ਮਹੀਨਿਆਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰਾਜ ਪੁਲਸ ਦੇ ਵਿਸ਼ੇਸ਼ ਜਾਂਚ ਦਲ ਤੋਂ ਜਾਂਚ ਆਪਣੇ ਹੱਥ 'ਚ ਲੈ ਲਈ ਹੈ। ਰਾਜ ਪੁਲਸ ਦੇ ਸੂਤਰਾਂ ਨੇ ਕਿਹਾ ਕਿ ਸੀ.ਬੀ.ਆਈ. ਨੇ 30 ਨਵੰਬਰ ਨੂੰ 2 ਐੱਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਹਿਮਾਚਲ ਪ੍ਰਦੇਸ਼ ਪੁਲਸ ਤੋਂ ਦਸਤਾਵੇਜ਼ ਮੰਗੇ ਹਨ, ਜੋ ਇਕ ਜਾਂ 2 ਦਿਨਾਂ ਅੰਦਰ ਜਾਂਚ ਏਜੰਸੀ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ। ਪ੍ਰਸ਼ਨ ਪੱਤਰ ਲੀਕ ਹੋਣ ਦਾ ਪਤਾ 5 ਮਈ ਨੂੰ ਲੱਗਾ ਸੀ ਅਤੇ ਅਗਲੇ ਦਿਨ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। 7 ਮਈ ਨੂੰ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ। ਵਿਰੋਧੀ ਦਲਾਂ ਦੇ ਦਬਾਅਦ ਦਰਮਿਆਨ ਰਾਜ ਸਰਕਾਰ ਨੇ 18 ਮਈ ਨੂੰ ਸੀ.ਬੀ.ਆਈ. ਜਾਂਚ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ।
ਰਾਜ ਦੀ ਪੁਲਸ ਨੇ ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਗੱਗਲ (ਕਾਂਗੜਾ), ਅਰਕੀ (ਸੋਲਨ) ਅਤੇ ਭਰਾਰੀ (ਸ਼ਿਮਲਾ) ਦੇ ਸੀ.ਆਈ.ਡੀ. ਥਾਣੇ 'ਚ ਤਿੰਨ ਮਾਮਲੇ ਰਦਜ ਕੀਤੇ ਸਨ। ਦੱਸਣਯੋਗ ਹੈ ਕਿ 1,334 ਕਾਂਸਟੇਬਲ ਅਹੁਦਿਆਂ ਲਈ 1,87,476 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਅਤੇ 75,803 ਉਮੀਦਵਾਂ ਨੇ ਸਰੀਰਕ ਕੁਸ਼ਲਤਾ ਪ੍ਰੀਖਿਆ ਪਾਸ ਕੀਤੀ ਸੀ। ਇਨ੍ਹਾਂ 'ਚੋਂ 26,346 ਉਮੀਦਵਾਰਾਂ ਨੇ 27 ਮਾਰਚ ਨੂੰ 11 ਜ਼ਿਲ੍ਹਿਆਂ ਦੇ 81 ਕੇਂਦਰਾਂ 'ਤੇ ਆਯੋਜਿਤ ਲਿਖਤੀ ਪ੍ਰੀਖਿਆ 'ਚ ਸਫ਼ਲਤਾ ਹਾਸਲ ਕੀਤੀ ਸੀ। ਐੱਸ.ਆਈ.ਟੀ. ਇਸ ਮਾਮਲੇ 'ਚ ਹੁਣ ਤੱਕ 253 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੇ ਅਦਾਲਤ 'ਚ 150 ਤੋਂ ਵੱਧ ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਵੀ ਦਾਖ਼ਲ ਕੀਤਾ ਹੈ।