ਸੀ.ਬੀ.ਆਈ. ਨੇ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰਵੋਰ ਦੇ ਘਰ ਮਾਰੇ ਛਾਪੇ
Thursday, Jul 11, 2019 - 12:31 PM (IST)

ਨਵੀਂ ਦਿੱਲੀ— ਵਿਦੇਸ਼ੀ ਫੰਡਿੰਗ ਦੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦਰਾ ਜੈਸਿੰਘ ਅਤੇ ਉਨ੍ਹਾਂ ਦੇ ਪਤੀ ਆਨੰਦ ਗਰੋਵਰ ਦੇ ਘਰ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ। ਦੋਹਾਂ 'ਤੇ ਆਪਣੇ ਐੱਨ.ਜੀ.ਓ. 'ਲਾਇਰਜ਼ ਕਲੈਕਟਿਵ' ਲਈ ਵਿਦੇਸ਼ੀ ਫੰਡਿੰਗ ਹਾਸਲ ਕਰਨ ਨੂੰ ਲੈ ਕੇ ਕਾਨੂੰਨ ਦੀ ਉਲੰਘਣਾ ਦਾ ਦੋਸ਼ ਹੈ। ਵੀਰਵਾਰ ਨੂੰ ਸੀ.ਬੀ.ਆਈ. ਦਿੱਲੀ ਅਤੇ ਮੁੰਬਈ 'ਚ ਉਨ੍ਹਾਂ ਦੇ ਘਰ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ, ਜੋ ਹਾਲੇ ਜਾਰੀ ਹੈ। ਲਾਇਰਜ਼ ਕਲੈਕਟਿਵ 'ਤੇ ਐੱਫ.ਸੀ.ਆਰ.ਏ. ਕਾਨੂੰਨ (ਵਿਦੇਸ਼ੀ ਚੰਦਾ ਰੈਗੂਲੇਸ਼ਨ ਕਾਨੂੰਨ) ਦੀ ਉਲੰਘਣਾ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਇਸ ਸਿਲਸਿਲੇ 'ਚ ਲਾਇਰਜ਼ ਕਲੈਕਟਿਵ ਵਿਰੁੱਧ 2 ਐੱਫ.ਆਈ.ਆਰ. ਦਰਜ ਕਰ ਚੁਕੀ ਹੈ। ਐੱਨ.ਜੀ.ਓ. ਖੁਦ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਚੁਕਿਆ ਹੈ।
ਏਜੰਸੀ ਨੇ ਇੰਦਰਾ ਜੈਸਿੰਘ ਅਤੇ ਆਨੰਦ ਗਰੋਵਰ 'ਤੇ ਵਿਦੇਸ਼ੀ ਚੰਦੇ ਨੂੰ ਭਾਰਤ ਤੋਂ ਬਾਹਰ ਭੇਜ ਕੇ ਉਸ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਦੋਸ਼ਾਂ ਅਨੁਸਾਰ ਇੰਦਰਾ ਜੈਸਿੰਘ ਜਦੋਂ 2009 ਤੋਂ 2014 ਦਰਮਿਆਨ ਐਡੀਸ਼ਨਲ ਸਾਲਿਸੀਟਰ ਜਨਰਲ ਸੀ ਤਾਂ ਉਸ ਦੌਰਾਨ ਉਨ੍ਹਾਂ ਦੇ ਐੱਨ.ਜੀ.ਓ. ਨੇ ਵਿਦੇਸ਼ੀ ਚੰਦੇ ਨਾਲ ਜੁੜੇ ਕਾਨੂੰਨ ਦੀ ਉਲੰਘਣਾ ਕੀਤੀ। ਸੀ.ਬੀ.ਆਈ. ਅਨੁਸਾਰ ਉਸ ਸਮੇਂ ਇੰਦਰਾ ਜੈਸਿੰਘ ਦੇ ਵਿਦੇਸ਼ ਦੌਰਿਆਂ 'ਤੇ ਖਰਚ ਨੂੰ ਐੱਨ.ਜੀ.ਓ. ਦੇ ਖਰਚ ਦੇ ਰੂਪ 'ਚ ਦਿਖਾਇਆ ਗਿਆ ਸੀ ਅਤੇ ਇਸ ਲਈ ਗ੍ਰਹਿ ਮੰਤਰਾਲੇ ਤੋਂ ਜ਼ਰੂਰੀ ਇਜਾਜ਼ਤ ਵੀ ਨਹੀਂ ਲਈ ਗਈ ਸੀ।
ਦੋਸ਼ਾਂ ਅਨੁਸਾਰ 2006-07 ਤੋਂ 2014-15 ਦਰਮਿਆਨ ਲਾਇਰਜ਼ ਕਲੈਕਟਿਵ ਨੂੰ 32.39 ਕਰੋੜ ਰੁਪਏ ਦਾ ਚੰਦਾ ਮਿਲਿਆ ਸੀ, ਜਿਸ 'ਚ ਐੱਫ.ਸੀ.ਆਰ.ਏ. ਐਕਟ ਦੀ ਉਲੰਘਣਾ ਕੀਤੀ ਗਈ ਸੀ। ਲਾਇਰਜ਼ ਕਲੈਕਟਿਵ ਵਲੋਂ ਐੱਫ.ਸੀ.ਆਰ.ਏ. ਐਕਟ ਦੇ ਕਥਿਤ ਉਲੰਘਣ ਦੇ ਮਾਮਲੇ 'ਚ ਲਾਇਰਜ਼ ਵਾਈਸ ਨਾਂ ਦੇ ਇਸ ਸੰਗਠਨ ਨੇ ਸੁਪਰੀਮ ਕੋਰਟ 'ਚ ਜਨਹਿੱਤ ਪਟੀਸ਼ਨ ਵੀ ਦਾਇਰ ਕੀਤੀ ਹੈ। ਪਟੀਸ਼ਨ 'ਚ ਐੱਨ.ਜੀ.ਓ. 'ਤੇ ਵਿਦੇਸ਼ੀ ਚੰਦੇ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਲਈ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮਈ 'ਚ ਸੁਪਰੀਮ ਕੋਰਟ ਨੇ ਇੰਦਰਾ ਜੈਸਿੰਘ, ਆਨੰਦ ਗਰੋਵਰ ਅਤੇ ਉਨ੍ਹਾਂ ਦੇ ਐੱਨ.ਜੀ.ਓ. ਨੂੰ ਨੋਟਿਸ ਜਾਰੀ ਕੀਤਾ ਸੀ।