ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ
Tuesday, Oct 12, 2021 - 03:07 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੇ ਸਾਬਕਾ ਸਲਾਹਕਾਰ ਬਸ਼ੀਰ ਖਾਨ ਨੂੰ ਹਟਾਏ ਜਾਣ ਦੇ ਸਿਰਫ਼ ਇਕ ਹਫ਼ਤੇ ਬਾਅਦ ਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਉਨ੍ਹਾਂ ਦੇ ਸ਼੍ਰੀਨਗਰ ਸਥਿਤ ਘਰ ’ਤੇ ਅਣਅਧਿਕਾਰਤ ਲੋਕਾਂ ਨੂੰ ਬੰਦੂਕ ਦਾ ਲਾਇਸੈਂਸ ਜਾਰੀ ਕਰਨ ਦੇ ਸੰਬੰਧ ’ਚ ਛਾਪੇ ਮਾਰੇ। ਜੰਮੂ ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਘੱਟੋ-ਘੱਟ 40 ਥਾਂਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ 25 ਸਾਬਕਾ ਨੌਕਰਸ਼ਹਾਂ, ਅਧਿਕਾਰੀਆਂ ਅਤੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਚੱਲ ਰਹੀ ਹੈ। ਕੇਂਦਰੀ ਏਜੰਸੀ ਜਾਅਲੀ ਦਸਤਾਵੇਜ਼ ਜਮ੍ਹਾ ਕਰ ਕੇ ਜੰਮੂ ਕਸ਼ਮੀਰ ਤੋਂ ਵੱਡੇ ਪੈਮਾਨੇ ’ਤੇ ਖਰੀਦੀਆਂ ਗਈਆਂ ਬੰਦੂਕਾਂ ਦੇ ਲਾਇਸੈਂਸ ਜਾਰੀ ਕੀਤੇ ਜਾਣ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ
ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਬਰਜੁੱਲਾ ਸਥਿਤ ਬਸ਼ੀਰ ਖਾਨ ਦੇ ਘਰ ਛਾਪੇ ਮਾਰੇ। ਛਾਪੇ ਮਾਰਨ ਵਾਲੀਆਂ ਟੀਮਾਂ ਨਾਲ ਵੱਡੀ ਗਿਣਤੀ ’ਚ ਪੁਲਸ ਫ਼ੋਰਸ ਵੀ ਮੌਜੂਦ ਸੀ। ਛਾਪੇ ਦੀ ਇਸ ਕਾਰਵਾਈ ਨੂੰ ਲੈ ਕੇ ਸੀ.ਬੀ.ਆਈ. ਨੇ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਖਾਨ ਨੂੰ ਪਿਛਲੇ ਸਾਲ ਮਾਰਚ ’ਚ ਮਨੋਜ ਸਿਨਹਾ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਹ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਪਹਿਲੇ ਉੱਪ ਰਾਜਪਾਲ ਗਿਰੀਸ਼ ਚੰਦ ਮੁਰਮੂ ਦੇ ਵੀ ਸਲਾਹਕਾਰ ਸਨ। ਪਿਛਲੇ ਹਫ਼ਤੇ ਖਾਨ ਨੂੰ ਸਲਾਹਕਾਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਹਟਾਉਣ ਲਈ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 14,313 ਨਵੇਂ ਮਾਮਲੇ ਆਏ ਸਾਹਮਣੇ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ