ਨੀਰਾ ਰਾਡੀਆ ਨੂੰ CBI ਨੇ ਦਿੱਤੀ ਕਲੀਨ ਚਿੱਟ, ਕਿਹਾ-ਟੇਪ ਦੀ ਜਾਂਚ ’ਚ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ

09/22/2022 12:10:25 PM

ਨਵੀਂ ਦਿੱਲੀ– ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਨੀਰਾ ਰਾਡੀਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੀ. ਬੀ. ਆਈ. ਨੇ ਬੁੱਧਵਾਰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਕਾਰਪੋਰੇਟ ਘਰਾਣਿਆਂ ਲਈ ਲਾਬਿੰਗ ਕਰਨ ਵਾਲੇ ਕੁਝ ਸਿਆਸਤਦਾਨਾਂ, ਕਾਰੋਬਾਰੀਆਂ, ਮੀਡੀਆ ਵਾਲਿਆਂ ਅਤੇ ਹੋਰਾਂ ਨਾਲ ਨੀਰਾ ਦੀ ਗੱਲਬਾਤ ਦੀਆਂ ਟੇਪਾਂ ਦੀ ਜਾਂਚ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਅਦਾਲਤ ਨੇ ਸੀ. ਬੀ. ਆਈ. ਦੀਆਂ ਇਨ੍ਹਾਂ ਦਲੀਲਾਂ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਸਟੇਟਸ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕੇਂਦਰੀ ਜਾਂਚ ਬਿਊਰੋ ਨੇ ਨੀਰਾ ਰਾਡੀਆ ਨੂੰ 8,000 ਵੱਖ-ਵੱਖ ਟੈਪ ਕੀਤੀਆਂ ਗੱਲਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਸ ਨੇ ਇਸ ਨਾਲ ਸਬੰਧਤ 14 ਮਾਮਲਿਆਂ ਵਿੱਚ ਮੁੱਢਲੀ ਜਾਂਚ ਕੀਤੀ ਸੀ ਪਰ ਕੋਈ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਜਾਂਚ ਬੰਦ ਕਰ ਦਿੱਤੀ ਗਈ ਸੀ।

ਦਸਣਯੋਗ ਹੈ ਕਿ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੀਰਾ ਰਾਡੀਆ ਬਨਾਮ ਰਤਨ ਟਾਟਾ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਸ ਪਟੀਸ਼ਨ ਵਿੱਚ ਉਦਯੋਗਪਤੀ ਰਤਨ ਟਾਟਾ ਨੇ ਨੀਰਾ ਰਾਡੀਆ ਅਤੇ ਟਾਟਾ ਸਮੂਹ ਦੇ ਮਾਲਕਾਂ ਵਿਚਕਾਰ ਟੈਲੀਫੋਨ ’ਤੇ ਹੋਈ ਗੱਲਬਾਤ ਮੀਡੀਆ ਆਉਟਲੈਟਾਂ ’ਚ ਪ੍ਰਕਾਸ਼ਤ ਕੀਤੇ ਜਾਣ ਤੋਂ ਬਾਅਦ ਆਪਣੇ ਨਿੱਜਤਾ ਦੇ ਅਧਿਕਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

2008 ਤੋਂ 2009 ਦਰਮਿਆਨ ਸਰਕਾਰ ਨੇ ਟੈਕਸ ਚੋਰੀ ਦੀ ਜਾਂਚ ਕਰ ਕੇ ਰਾਡੀਆ ਦੀਆਂ ਗੱਲਾਂ ਨੂੰ ਇੰਟਰਸੈਪਟ ਕੀਤਾ ਸੀ। ਇਸ ਤੋਂ ਬਾਅਦ ਸੀ. ਬੀ. ਆਈ ਨੇ ਸੰਭਾਵਿਤ ਅਪਰਾਧਾਂ ਦਾ ਪਤਾ ਲਾਉਣ ਲਈ 14 ਮੁਢਲੀਆਂ ਜਾਂਚਾਂ ਸ਼ੁਰੂ ਕੀਤੀਆਂ ਸਨ। ਪੁਖਤਾ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ।


Rakesh

Content Editor

Related News