ਮਹਾਦੇਵ ਐਪ ਆਨਲਾਈਨ ਸੱਟੇਬਾਜ਼ੀ ਘਪਲਾ: CBI ਨੇ ਭੂਪੇਸ਼ ਬਘੇਲ ਸਮੇਤ 6 ’ਤੇ ਦਰਜ ਕੀਤੀ FIR

Tuesday, Apr 01, 2025 - 11:49 PM (IST)

ਮਹਾਦੇਵ ਐਪ ਆਨਲਾਈਨ ਸੱਟੇਬਾਜ਼ੀ ਘਪਲਾ: CBI ਨੇ ਭੂਪੇਸ਼ ਬਘੇਲ ਸਮੇਤ 6 ’ਤੇ ਦਰਜ ਕੀਤੀ FIR

ਨਵੀਂ ਦਿੱਲੀ- ਮਹਾਦੇਵ ਐਪ ਆਨਲਾਈਨ ਸੱਟੇਬਾਜ਼ੀ ਘਪਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ 6 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਸੀ. ਬੀ. ਆਈ. ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਹਫ਼ਤੇ 60 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸਿਆਸਤਦਾਨਾਂ, ਸੀਨੀਅਰ ਨੌਕਰਸ਼ਾਹਾਂ, ਪੁਲਸ ਅਧਿਕਾਰੀਆਂ, ਮਹਾਦੇਵ ਬੁੱਕ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਹੋਰ ਵਿਅਕਤੀਆਂ ਦੇ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ। ਇਹ ਛਾਪੇਮਾਰੀ ਛੱਤੀਸਗੜ੍ਹ, ਭੋਪਾਲ, ਕੋਲਕਾਤਾ ਅਤੇ ਦਿੱਲੀ ’ਚ ਕੀਤੀ ਗਈ। ਛਾਪਿਆਂ ਤੋਂ ਬਾਅਦ ਮਿਲੇ ਦਸਤਾਵੇਜ਼ ਅਤੇ ਸਬੂਤਾਂ ਤੋਂ ਬਾਅਦ ਇਹ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਇਸ ਮਾਮਲੇ ’ਚ ਸੀ. ਬੀ. ਆਈ. ਨੇ 2 ਪੁਲਸ ਅਧਿਕਾਰੀਆਂ, ਇਕ ਆਈ. ਏ. ਐੱਸ. ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ।

ਇਸ ਮਾਮਲੇ ’ਚ ਦਰਜ ਕੀਤੀ ਐੱਫ. ਆਈ. ਆਰ.

ਮਹਾਦੇਵ ਬੁੱਕ ਇਕ ਆਨਲਾਈਨ ਸੱਟੇਬਾਜ਼ੀ ਮੰਚ ਹੈ। ਇਸ ਨੂੰ ਰਵੀ ਉੱਪਲ ਅਤੇ ਸੌਰਭ ਚੰਦਰਾਕਰ ਵੱਲੋਂ ਪ੍ਰਮੋਟ ਕੀਤਾ ਗਿਆ ਸੀ। ਇਹ ਦੋਵੇਂ ਮੁਲਜ਼ਮ ਮੌਜੂਦਾ ਸਮੇਂ ’ਚ ਦੁਬਈ ’ਚ ਰਹਿ ਰਹੇ ਹਨ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਮਹਾਦੇਵ ਬੁੱਕ ਦੇ ਪ੍ਰਮੋਟਰਾਂ ਨੇ ਆਪਣੇ ਗੈਰ-ਕਾਨੂੰਨੀ ਸੱਟੇਬਾਜ਼ੀ ਨੈੱਟਵਰਕ ਨੂੰ ਨਿਰਵਿਘਨ ਤੌਰ ’ਤੇ ਚਲਾਉਣ ਲਈ ਲੋਕ ਸੇਵਕਾਂ ਨੂੰ ਵੱਡੀ ਮਾਤਰਾ ’ਚ ਪ੍ਰੋਟੈਕਸ਼ਨ ਮਨੀ ਦਿੱਤੀ ਸੀ।

ਇਸ ਮਾਮਲੇ ਦੀ ਸ਼ੁਰੂਆਤ ਛੱਤੀਸਗੜ੍ਹ ਦੀ ਆਰਥਿਕ ਅਪਰਾਧ ਜਾਂਚ ਸ਼ਾਖਾ ਵੱਲੋਂ ਕੀਤੀ ਗਈ ਸੀ। ਬਾਅਦ ’ਚ ਸੂਬਾ ਸਰਕਾਰ ਨੇ ਇਸ ਕੇਸ ਨੂੰ ਸੀ. ਬੀ. ਆਈ. ਨੂੰ ਸੌਂਪ ਦਿੱਤਾ, ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਸਕੇ ਅਤੇ ਇਸ ’ਚ ਸ਼ਾਮਲ ਉੱਚ ਅਧਿਕਾਰੀਆਂ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਉਜਾਗਰ ਹੋ ਸਕੇ।

ਛਾਪੇਮਾਰੀ ’ਚ ਕੀ ਮਿਲਿਆ?

ਸੀ. ਬੀ. ਆਈ. ਵੱਲੋਂ ਕੀਤੀ ਗਈ ਛਾਪੇਮਾਰੀ ’ਚ ਵੱਡੀ ਮਾਤਰਾ ’ਚ ਡਿਜੀਟਲ ਅਤੇ ਦਸਤਾਵੇਜ਼ੀ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ’ਚ ਵਿੱਤੀ ਲੈਣ-ਦੇਣ ਨਾਲ ਜੁਡ਼ੇ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਸ਼ਾਮਲ ਹਨ। ਛਾਪੇਮਾਰੀ ਅਜੇ ਵੀ ਜਾਰੀ ਹੈ ਅਤੇ ਜਾਂਚ ਏਜੰਸੀ ਛੇਤੀ ਹੀ ਹੋਰ ਵੱਡੇ ਖੁਲਾਸੇ ਕਰ ਸਕਦੀ ਹੈ।


author

Rakesh

Content Editor

Related News