ਵੱਡਾ ਹਾਦਸਾ: ਕੈਟਰਿੰਗ ਗੱਡੀ ਨੇ ਇੰਡੀਗੋ ਜਹਾਜ਼ ਦੇ ਇੰਜਣ ਨੂੰ ਮਾਰੀ ਟੱਕਰ

Wednesday, Apr 08, 2026 - 12:15 AM (IST)

ਵੱਡਾ ਹਾਦਸਾ: ਕੈਟਰਿੰਗ ਗੱਡੀ ਨੇ ਇੰਡੀਗੋ ਜਹਾਜ਼ ਦੇ ਇੰਜਣ ਨੂੰ ਮਾਰੀ ਟੱਕਰ

ਕੋਲਕਾਤਾ : ਪੱਛਮੀ ਬੰਗਾਲ ਦੇ ਕੋਲਕਾਤਾ ਹਵਾਈ ਅੱਡੇ 'ਤੇ ਮੰਗਲਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਕੈਟਰਿੰਗ ਸੇਵਾ ਦੀ ਗੱਡੀ ਨੇ ਪਾਰਕਿੰਗ ਵਿੱਚ ਖੜ੍ਹੇ ਇੰਡੀਗੋ ਦੇ ਏਅਰਬੱਸ A320 ਜਹਾਜ਼ ਦੇ ਸੱਜੇ ਇੰਜਣ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਜਹਾਜ਼ ਦੇ ਇੰਜਣ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਸੂਤਰਾਂ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਕਰੀਬ 9:35 ਵਜੇ ਵਾਪਰੀ। ਉਸ ਸਮੇਂ ਜਹਾਜ਼ ਆਪਣੇ ਨਿਰਧਾਰਤ ਪਾਰਕਿੰਗ ਸਥਾਨ 'ਤੇ ਖੜ੍ਹਾ ਸੀ। ਇਸੇ ਦੌਰਾਨ ਇੱਕ SUV ਵਰਗੀ ਕੈਟਰਿੰਗ ਗੱਡੀ ਉੱਥੇ ਪਹੁੰਚੀ ਅਤੇ ਜਹਾਜ਼ ਦੇ ਸੱਜੇ ਇੰਜਣ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਘਟਨਾ ਤੋਂ ਤੁਰੰਤ ਬਾਅਦ ਏਅਰਲਾਈਨ ਦੇ ਇੰਜੀਨੀਅਰਾਂ ਨੇ ਮੌਕੇ 'ਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਇੰਜਣ ਨੂੰ ਹੋਏ ਗੰਭੀਰ ਨੁਕਸਾਨ ਕਾਰਨ ਜਹਾਜ਼ ਨੂੰ ਕੁਝ ਦਿਨਾਂ ਲਈ ਸੇਵਾ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਕੈਟਰਿੰਗ ਗੱਡੀ ਦੇ ਡਰਾਈਵਰ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਦਸਾ ਡਰਾਈਵਰ ਦੀ ਥਕਾਵਟ ਕਾਰਨ ਹੋਇਆ ਹੈ ਜਾਂ ਉਹ ਨਸ਼ੇ ਦੀ ਹਾਲਤ ਵਿੱਚ ਸੀ। ਫਿਲਹਾਲ ਕੋਲਕਾਤਾ ਹਵਾਈ ਅੱਡੇ 'ਤੇ ਵਾਪਰੀ ਇਸ ਤਾਜ਼ਾ ਘਟਨਾ ਨੇ ਹਵਾਈ ਅੱਡੇ ਦੀ ਸੁਰੱਖਿਆ ਅਤੇ ਸੰਚਾਲਨ ਪ੍ਰਬੰਧਾਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
 


author

Inder Prajapati

Content Editor

Related News