ਮਨੀ ਲਾਂਡਰਿੰਗ ਮਾਮਲੇ ''ਚ ED ਦਾ ਐਕਸ਼ਨ, ਬਿਹਾਰ ''ਚ 22 ਥਾਵਾਂ ''ਤੇ ਕੀਤੀ ਛਾਪੇਮਾਰੀ
Wednesday, Jul 17, 2024 - 09:44 AM (IST)
ਪਟਨਾ/ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬਿਹਾਰ ਕੇਡਰ ਦੇ ਭਾਰਤੀ ਪ੍ਰਬੰਧਕੀ ਸੇਵਾ (IAS) ਅਧਿਕਾਰੀ ਸੰਜੀਵ ਹੰਸ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਾਬਕਾ ਵਿਧਾਇਕ ਗੁਲਾਬ ਯਾਦਵ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਮੰਗਲਵਾਰ ਨੂੰ ਬਿਹਾਰ, ਦਿੱਲੀ ਅਤੇ ਪੁਣੇ ’ਚ ਕਈ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਹੰਸ 1997 ਬੈਚ ਦੇ IAS ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ’ਚ ਬਿਹਾਰ ਊਰਜਾ ਵਿਭਾਗ ਦੇ ਚੀਫ ਸਕੱਤਰ ਵਜੋਂ ਤਾਇਨਾਤ ਹਨ। ਸੂਤਰਾਂ ਨੇ ਦੱਸਿਆ ਕਿ ਏਜੰਸੀ ਇਹ ਛਾਪੇਮਾਰੀ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀਆਂ ਵਿਵਸਥਾਵਾਂ ਤਹਿਤ ਕਰ ਰਹੀ ਹੈ ਅਤੇ ਉਸ ਦੀ ਇਹ ਜਾਂਚ ਭ੍ਰਿਸ਼ਟਾਚਾਰ ਅਤੇ ਜਬਰਨ ਵਸੂਲੀ ਦੇ ਦੋਸ਼ਾਂ ਨਾਲ ਜੁੜੀ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੀ ਰਾਜਧਾਨੀ ਪਟਨਾ ’ਚ ਹੰਸ ਅਤੇ ਯਾਦਵ ਦੇ ਘਰਾਂ ਸਮੇਤ ਲੱਗਭਗ 22 ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਟਨਾ ਪੁਲਸ ਨੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ, ਬਲੈਕਮੇਲ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪਿਛਲੇ ਸਾਲ ਜਨਵਰੀ ’ਚ ਹੰਸ ਅਤੇ ਯਾਦਵ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਸੀ। ਪੀੜਤਾ ਨੇ ਸਥਾਨਕ ਅਦਾਲਤ ਦਾ ਰੁਖ਼ ਕੀਤਾ ਸੀ ਜਿਸ ਦੇ ਹੁਕਮ ’ਤੇ ਪੁਲਸ ਨੇ ਇਹ ਸ਼ਿਕਾਇਤ ਦਰਜ ਕੀਤੀ ਸੀ।