ਫਿਰ ਮੁਸ਼ਕਲਾਂ 'ਚ ਫਸੇ ਸਤੇਂਦਰ ਜੈਨ, ACB ਨੇ ਦਰਜ ਕੀਤਾ ਕੇਸ

Wednesday, Mar 19, 2025 - 03:29 PM (IST)

ਫਿਰ ਮੁਸ਼ਕਲਾਂ 'ਚ ਫਸੇ ਸਤੇਂਦਰ ਜੈਨ, ACB ਨੇ ਦਰਜ ਕੀਤਾ ਕੇਸ

ਨਵੀਂ ਦਿੱਲੀ- ਦਿੱਲੀ ਸਰਕਾਰ ਦੇ ਸਾਬਕਾ ਲੋਕ ਨਿਰਮਾਣ ਵਿਭਾਗ (PWD) ਦੇ ਮੰਤਰੀ ਰਹੇ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਸਤੇਂਦਰ ਜੈਨ ਖਿਲਾਫ਼ ਇਕ ਹੋਰ ਮੁਕੱਦਮਾ ਦਰਜ ਹੋ ਗਿਆ ਹੈ। ਦਿੱਲੀ ਦੀ ਐਂਟੀ ਕਰੱਪਸ਼ਨ ਬਿਊਰੋ (ACB) ਨੇ ਸਤੇਂਦਰ ਜੈਨ ਖਿਲਾਫ਼ FIR ਦਰਜ ਕੀਤੀ ਹੈ।  ਇਹ ਮਾਮਲਾ 571 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਦੇ 70 ਵਿਧਾਨ ਸਭਾ ਖੇਤਰਾਂ ਵਿਚ 1.4 ਲੱਖ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੇ ਪ੍ਰਾਜੈਕਟ ਵਿਚ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਇਸ ਯੋਜਨਾ ਵਿਚ ਦੇਰੀ ਕਾਰਨ ਭਾਰਤ ਇਲੈਕਟ੍ਰਾਨਿਕਸ ਲਿਮਟਿਡ (BEL) 'ਤੇ ਲਾਏ ਗਏ 16 ਕਰੋੜ ਰੁਪਏ ਦੇ ਜੁਰਮਾਨੇ ਨੂੰ ਜੈਨ ਨੇ 7 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਮੁਆਫ਼ ਕੀਤਾ ਸੀ।

ਇਹ ਮਾਮਲਾ ਸਤੰਬਰ 2019 ਵਿਚ ਸਾਹਮਣੇ ਆਇਆ ਸੀ, ਜਦੋਂ BEL ਦੇ ਇਕ ਕਰਮੀ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣੇ ਵਿਕ੍ਰੇਤਾਵਾਂ ਜ਼ਰੀਏ ਜੈਨ ਨੂੰ 7 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ, ਤਾਂ ਕਿ 16 ਕਰੋੜ ਰੁਪਏ ਦਾ ਜੁਰਮਾਨਾ ਮੁਆਫ਼ ਕੀਤਾ ਜਾ ਸਕੇ। ਇਸ ਤੋਂ ਬਾਅਦ ACB ਨੇ ਜਾਂਚ ਸ਼ੁਰੂ ਕੀਤੀ ਅਤੇ ਸਬੂਤਾਂ ਦੇ ਆਧਾਰ 'ਤੇ ਜੈਨ ਖਿਲਾਫ਼ ਮਾਮਲਾ ਦਰਜ ਕੀਤਾ।

ACB ਮੁਤਾਬਕ ਸ਼ਿਕਾਇਤਕਰਤਾ ਨੇ ਕਿਹਾ ਕਿ ਪੂਰੇ ਪ੍ਰਾਜੈਕਟ ਨੂੰ ਘਟੀਆ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਅਤੇ PWD ਨੂੰ ਸੌਂਪੇ ਜਾਣ ਸਮੇਂ ਹੀ ਬਹੁਤ ਸਾਰੇ ਕੈਮਰੇ ਖਰਾਬ ਹੋ ਚੁੱਕੇ ਸਨ। ACB ਨੇ ਕਿਹਾ ਹੈ ਕਿ ਕੇਸ ਚਲਾਉਣ ਲਈ ਮਨਜ਼ੂਰੀ ਪਹਿਲਾਂ ਹੀ ਲੈ ਚੁੱਕੀ ਹੈ। 23 ਅਗਸਤ 2019 ਨੂੰ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਸੀ. ਸੀ. ਟੀ. ਵੀ. ਕੈਮਰੇ ਲਾਉਣ ਵਿਚ ਹੋਈ ਦੇਰੀ ਨੂੰ ਲੈ ਕੇ ਉਸ ਸਮੇਂ ਦੀ ਦਿੱਲੀ ਸਰਕਾਰ ਨੇ BEL 'ਤੇ 16 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ।


author

Tanu

Content Editor

Related News