ਬਰਾਤ ਤੋਂ ਪਰਤ ਰਹੀ ਕਾਰ ਦਰੱਖਤ ਨਾਲ ਟਕਰਾਈ, ਚਾਰ ਲੋਕਾਂ ਦੀ ਮੌਤ
Sunday, May 04, 2025 - 10:46 AM (IST)

ਕੌਸ਼ਾਂਬੀ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਪਿਪਰੀ ਇਲਾਕੇ 'ਚ ਐਤਵਾਰ ਸਵੇਰੇ ਬਰਾਤੀਆਂ ਨੂੰ ਲੈ ਕੇ ਪਰਤ ਰਹੀ ਇਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਿਪਰੀ ਥਾਣਾ ਇੰਚਾਰਜ ਸਿਧਾਰਥ ਸਿੰਘ ਨੇ ਦੱਸਿਆ ਕਿ ਹਾਦਸਾ ਤੜਕੇ ਕਰੀਬ 3.30 ਵਜੇ ਗੁੰਗਵਾ ਦਾ ਬਾਗ ਕੋਲ ਵਾਪਰਿਆ, ਜਦੋਂ ਕਾਰ ਸਵਾਰ ਚਾਇਲ ਕਸਬੇ ਦੇ ਅੰਬੇਡਕਰ ਨਗਰ ਇਲਾਕੇ 'ਚ ਆਯੋਜਿਤ ਇਕ ਵਿਆਹ ਸਮਾਰੋਹ ਤੋਂ ਪ੍ਰਯਾਗਰਾਜ ਜ਼ਿਲ੍ਹੇ ਦੇ ਪੁਰਾ ਮੁਫ਼ਤੀ ਖੇਤਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਰਸਤੇ 'ਚ ਕਾਰ ਦੇ ਡਰਾਈਵਰ ਨੇ ਇਕ ਹੋਰ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਸਿੰਘ ਨੇ ਦੱਸਿਆ ਕਿ ਰਾਹਗੀਰਾਂ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਾਰੇ 5 ਲੋਕਾਂ ਨੂੰ ਨੁਕਸਾਨੇ ਵਾਹਨ 'ਚੋਂ ਬਾਹਰ ਕੱਢਿਆ।
ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਕੌਸ਼ਾਂਬੀ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ 'ਚੋਂ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਯਾਗਰਾਜ ਜ਼ਿਲ੍ਹੇ ਦੇ ਪੁਰਾ ਮੁਫ਼ਤੀ ਵਾਸੀ ਸੁਨੀਲ ਕੁਮਾਰ ਪਟੇਲ (35), ਰਵੀ ਕੁਮਾਰ ਪਟੇਲ (38) ਅਤੇ ਚਾਂਦ ਬਦਨ (36) ਅਤੇ ਬਲੀਆ ਦੇ ਬਟੇਰੀਆ ਥਾਣਾ ਖੇਤਰ ਦੇ ਵਾਸੀ ਵਿਕਾਸ ਕੁਮਾਰ (38) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਕਾਰ ਡਰਾਈਵਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8