ਦੇਹਰਾਦੂਨ ਰਾਜਮਾਰਗ ''ਤੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 2 ਦੀ ਮੌਕੇ ''ਤੇ ਮੌਤ
Thursday, Nov 20, 2025 - 05:07 PM (IST)
ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦੇਹਰਾਦੂਨ ਰਾਜਮਾਰਗ 'ਤੇ ਫਤਿਹਪੁਰ ਥਾਣਾ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਗ੍ਰਾਮੀਣ) ਸਾਗਰ ਜੈਨ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ, ਦਾਨਿਸ਼ (23) ਅਤੇ ਵਸੀਮ (35), ਦੇਹਰਾਦੂਨ ਵੱਲ ਜਾ ਰਹੇ ਸਨ।
ਫਲਾਈਓਵਰ ਨੇੜੇ ਵਾਪਰਿਆ ਹਾਦਸਾ
ਹਾਦਸਾ ਇੱਕ ਫਲਾਈਓਵਰ ਦੇ ਨੇੜੇ ਵਾਪਰਿਆ। ਤੇਜ਼ ਰਫ਼ਤਾਰ ਐਸ.ਯੂ.ਵੀ. ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਦੋਵੇਂ ਵਿਅਕਤੀ ਕਈ ਮੀਟਰ ਦੂਰ ਜਾ ਕੇ ਡਿੱਗੇ। ਪੁਲਸ ਅਨੁਸਾਰ ਟੱਕਰ ਲੱਗਣ ਕਾਰਨ ਸਿਰ ਵਿੱਚ ਗੰਭੀਰ ਸੱਟ ਲੱਗਣ ਨਾਲ ਦਾਨਿਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਵਸੀਮ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।
ਕਾਰ ਚਾਲਕ ਖਿਲਾਫ਼ ਮਾਮਲਾ ਦਰਜ
ਪੁਲਸ ਨੇ ਜਾਣਕਾਰੀ ਦਿੱਤੀ ਕਿ ਕਾਰ ਚਾਲਕ ਅਤੇ ਉਸ ਦੇ ਸਾਥੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਕਾਰ ਚਾਲਕ ਦੇ ਖਿਲਾਫ਼ ਸਥਾਨਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
