ਦਰਿਆ ’ਚ ਰੁੜ੍ਹ ਗਈ ਕਾਰ, 2 ਘੰਟੇ ਕਾਰ ਦੀ ਛੱਤ ’ਤੇ ਖੜ੍ਹੇ ਰਹੇ ਪਤੀ-ਪਤਨੀ
Monday, Sep 09, 2024 - 05:08 AM (IST)
ਸਾਬਰਕਾਂਠਾ - ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ’ਚ ਇਕ ਕਾਰ ਦਰਿਆ ’ਚ ਰੁੜ੍ਹ ਗਈ ਅਤੇ ਉਸ ’ਚ ਸਵਾਰ ਪਤੀ-ਪਤਨੀ ਨੇ 2 ਘੰਟਿਆਂ ਤੱਕ ਕਾਰ ਦੀ ਛੱਤ ’ਤੇ ਕਿਸੇ ਤਰ੍ਹਾਂ ਖੜ੍ਹੇ ਰਹਿ ਕੇ ਆਪਣੀ ਜਾਨ ਬਚਾਈ। ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸੁਰੇਸ਼ ਮਿਸਤਰੀ ਤੇ ਉਨ੍ਹਾਂ ਦੀ ਪਤਨੀ ਦੇ ਬਚਾਅ ਕਾਰਜਾਂ ’ਚ ਪਹਿਲਾਂ ਰੁਕਾਵਟ ਆਈ ਸੀ ਪਰ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਸਥਾਨਕ ਫਾਇਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਚਾਅ ਲਿਆ।
ਫਾਇਰ ਅਧਿਕਾਰੀ ਕਮਲ ਪਟੇਲ ਨੇ ਦੱਸਿਆ ਕਿ ਕਾਰ ਕਰੋਲ ਦਰਿਆ ’ਤੇ ਬਣੇ ਪੁਲ ਤੋਂ ਲੰਘ ਰਹੀ ਸੀ। ਅਚਾਨਕ ਦਰਿਆ ਦੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਵੱਧ ਗਿਆ ਤੇ ਕਾਰ ਕਰੀਬ 1.5 ਕਿਲੋਮੀਟਰ ਤੱਕ ਰੁੜ੍ਹ ਗਈ।
ਪਟੇਲ ਨੇ ਦੱਸਿਆ ਕਿ ਕਾਰ ਲਗਭਗ ਪਾਣੀ ’ਚ ਡੁੱਬ ਚੁੱਕੀ ਸੀ। ਉਸ ਦੀ ਸਿਰਫ ਛੱਤ ਹੀ ਵਿਖਾਈ ਦੇ ਰਹੀ ਸੀ। ਇਸ ਦੌਰਾਨ ਪਤੀ-ਪਤਨੀ ਕਿਸੇ ਤਰ੍ਹਾਂ ਕਾਰ ’ਚੋਂ ਬਾਹਰ ਨਿਕਲੇ ਤੇ ਛੱਤ ’ਤੇ ਚੜ੍ਹ ਗਏ। ਪਤੀ-ਪਤਨੀ ਕਰੀਬ ਦੋ ਘੰਟੇ ਛੱਤ ’ਤੇ ਹੀ ਖੜ੍ਹੇ ਰਹੇ।