ਟੋਲ ਮੰਗਣ ’ਤੇ ਕਾਰ ਸਵਾਰਾਂ ਨੇ ਮੁਲਾਜ਼ਮਾਂ ਨੂੰ ਭਜਾ-ਭਜਾ ਕੇ ਕੁੱਟਿਆ
Tuesday, Nov 11, 2025 - 03:57 AM (IST)
ਮੇਰਠ - ਮੇਰਠ-ਬਾਗਪਤ ਹਾਈਵੇਅ ’ਤੇ ਸਥਿਤ ਬਾਲੈਨੀ ਟੋਲ ਪਲਾਜ਼ਾ ’ਤੇ ਐਤਵਾਰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਹੰਗਾਮਾ ਕੀਤਾ ਅਤੇ ਭੰਨਤੋੜ ਕੀਤੀ। ਟੋਲ ਮੰਗਣ ’ਤੇ 3 ਕਾਰਾਂ ਵਿਚ ਸਵਾਰ ਨੌਜਵਾਨਾਂ ਨੇ ਟੋਲ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਟੋਲ ਬੂਥ ’ਚ ਭੰਨਤੋੜ ਕੀਤੀ।
ਘਟਨਾ ’ਚ ਟੋਲ ਮੈਨੇਜਰ ਸਮੇਤ 4 ਮੁਲਾਜ਼ਮ ਜ਼ਖਮੀ ਹੋ ਗਏ। ਘਟਨਾ ਐਤਵਾਰ ਰਾਤ ਲੱਗਭਗ 11 ਵਜੇ ਵਾਪਰੀ। 3 ਕਾਰਾਂ ਵਿਚ ਪਹੁੰਚੇ ਨੌਜਵਾਨਾਂ ਤੋਂ ਮੁਲਾਜ਼ਮਾਂ ਨੇ ਨਿਯਮ ਮੁਤਾਬਕ ਟੋਲ ਮੰਗਿਆ ਤਾਂ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਰਕੁੱਟ ’ਤੇ ਉਤਰ ਆਏ। ਹਮਲਾਵਰਾਂ ਨੇ ਮੁਲਾਜ਼ਮਾਂ ਨੂੰ ਭਜਾ-ਭਜਾ ਕੇ ਕੁੱਟਿਆ ਅਤੇ ਟੋਲ ਪਲਾਜ਼ਾ ਵਿਚ ਵੜ ਕੇ ਕੰਪਿਊਟਰ, ਬੈਰੀਅਰ, ਸ਼ੀਸ਼ੇ ਅਤੇ ਕੁਰਸੀਆਂ ਤੋੜ ਦਿੱਤੀਆਂ। ਲੱਗਭਗ ਅੱਧੇ ਘੰਟੇ ਤੱਕ ਹਾਈਵੇਅ ’ਤੇ ਹੰਗਾਮਾ ਹੁੰਦਾ ਰਿਹਾ। ਜਾਂਦੇ-ਜਾਂਦੇ ਹਮਲਾਵਰਾਂ ਨੇ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਫਰਾਰ ਹੋ ਗਏ।
ਜ਼ਖਮੀਆਂ ਵਿਚ ਟੋਲ ਮੈਨੇਜਰ ਅਨੁਜ, ਮੁਲਾਜ਼ਮ ਅਭਿਸ਼ੇਕ, ਕੁਨਾਲ ਅਤੇ ਯੂਨਿਤ ਸ਼ਾਮਲ ਹਨ। ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਣ ’ਤੇ ਪਹੁੰਚੀ ਬਾਲੈਨੀ ਪੁਲਸ ਨੇ ਮੌਕੇ ’ਤੇ ਨਿਰੀਖਣ ਕੀਤਾ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫਤਾਰੀ ਕਰ ਲਈ ਜਾਏਗੀ। ਘਟਨਾ ਤੋਂ ਬਾਅਦ ਟੋਲ ਮੁਲਾਜ਼ਮਾਂ ਵਿਚ ਡਰ ਅਤੇ ਗੁੱਸੇ ਦਾ ਮਾਹੌਲ ਹੈ।
