ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਗੱਡੀ ਦੀ ਟੱਕਰ ਨਾਲ ਭਿਆਨਕ ਟੱਕਰ, 2 ਦੀ ਮੌਤ
Saturday, Jul 27, 2024 - 04:48 PM (IST)
ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਫੇਫਨਾ ਥਾਣਾ ਖੇਤਰ 'ਚ ਸ਼ਨੀਵਾਰ ਦੀ ਸਵੇਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਗੱਡੀ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਫੇਫਨਾ ਥਾਣਾ ਖੇਤਰ ਦੇ ਬਲੀਆ-ਫੇਫਨਾ ਮਾਰਗ 'ਤੇ ਕਪੂਰੀ ਨਾਰਾਇਣਪੁਰ ਪਿੰਡ ਨੇੜੇ ਸ਼ਨੀਵਾਰ ਸਵੇਰੇ ਇਕ ਗੱਡੀ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਗਈ।
ਓਧਰ ਬਲੀਆ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਣ ਕੁਮਾਰ ਨੇ ਦੱਸਿਆ ਕਿ ਇਸ ਗੱਡੀ ਵਿਚ ਇਕ ਪ੍ਰਾਈਵੇਟ ਸਕੂਲ ਦੇ 15 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਦੀ ਉਮਰ 12 ਤੋਂ 17 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਵਿਦਿਆਰਥੀ ਯਸ਼ ਪ੍ਰਤਾਪ ਸਿੰਘ (16)ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਸਾਰੇ 14 ਜ਼ਖ਼ਮੀ ਵਿਦਿਆਰਥੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਤੁਰੰਤ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਵਾਰਾਣਸੀ ਲਿਜਾਇਆ ਗਿਆ ਅਤੇ ਉਨ੍ਹਾਂ ਵਿਚੋਂ ਇਕ ਵਿਦਿਆਰਥੀ ਦੀ ਰਾਹ ਵਿਚ ਮੌਤ ਹੋ ਗਈ। ਵਧੀਕ ਪੁਲਸ ਸੁਪਰਡੈਂਟ ਅਨਿਲ ਕੁਮਾਰ ਝਾਅ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਵਿਸ਼ਾਲ ਪ੍ਰਤਾਪ ਸਿੰਘ (17) ਦੀ ਇਲਾਜ ਲਈ ਵਾਰਾਣਸੀ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ।