ਹਰਿਆਣਾ ਦੀ ਕੈਪਟਨ ਅਭਿਲਾਸ਼ਾ ਬਣੀ ਪਹਿਲੀ ਮਹਿਲਾ ਲੜਾਕੂ ਪਾਇਲਟ
Wednesday, May 25, 2022 - 06:36 PM (IST)
ਨਵੀਂ ਦਿੱਲੀ (ਵਾਰਤਾ)- ਕੈਪਟਨ ਅਭਿਲਾਸ਼ਾ ਬਰਾਕ ਬੁੱਧਵਾਰ ਨੂੰ ਫ਼ੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਅਤੇ ਉਸ ਦੇ ਫ਼ੌਜ ਦੀ ਏਵੀਏਸ਼ਨ ਕੋਰ ਨਾਲ ਜੁੜਨ ਦੇ ਨਾਲ ਹੀ ਫ਼ੌਜ ਦੇ ਇਤਿਹਾਸ 'ਚ ਇਹ ਸੁਨਹਿਰੀ ਅੱਖਰਾਂ 'ਚ ਦਰਜ ਹੋ ਗਿਆ। ਫ਼ੌਜ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਫ਼ੌਜ ਵਲੋਂ ਜਾਰੀ ਟਵੀਟ 'ਚ ਕਿਹਾ ਗਿਆ ਹੈ,''ਭਾਰਤੀ ਫ਼ੌਜ ਦੀ ਏਵੀਏਸ਼ਨ ਕੋਰ ਦੇ ਇਤਿਹਾਸ 'ਚ ਸੁਨਹਿਰੀ ਦਿਨ। ਕੈਪਟਨ ਅਭਿਲਾਸ਼ਾ ਬਰਾਕ ਸਫ਼ਲ ਸਿਖਲਾਈ ਤੋਂ ਬਾਅਦ ਲੜਾਕੂ ਪਾਇਲਟ ਦੇ ਰੂਪ 'ਚ ਫ਼ੌਜ ਏਵੀਏਸ਼ਨ ਕੋਰ 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ।''
ਇਕ ਹੋਰ ਟਵੀਟ 'ਚ ਫ਼ੌਜ ਨੇ ਕਿਹਾ,''ਫ਼ੌਜ ਏਵੀਏਸ਼ਨ ਕੋਰ ਦੇ ਡਾਇਰੈਕਟਰ ਜਨਰਲ ਅਤੇ ਕਰਨਲ ਕਮਾਂਡੈਂਟ ਨੇ ਫ਼ੌਜ ਦੇ 36 ਪਾਇਲਟਾਂ ਨਾਲ ਕੈਪਟਨ ਅਭਿਲਾਸ਼ਾ ਨੂੰ ਏਵੀਏਸ਼ਨ ਕੋਰ ਦਾ ਪ੍ਰਤੀਕ ਚਿੰਨ੍ਹ ਵਿੰਗ ਪ੍ਰਦਾਨ ਕੀਤਾ। ਇਹ ਨੌਜਵਾਨ ਪਾਇਲਟ ਹੁਣ ਲੜਾਕੂ ਦਸਤੇ 'ਚ ਤਾਇਨਾਤ ਕੀਤੇ ਜਾਣਗੇ।'' ਕੈਪਟਨ ਅਭਿਲਾਸ਼ਾ ਹਰਿਆਣਾ ਦੀ ਰਹਿਣ ਵਾਲੀ ਹੈ। ਦੱਸਣਯੋਗ ਹੈ ਕਿ ਹਵਾਈ ਫ਼ੌਜ 'ਚ ਮਹਿਲਾ ਲੜਾਕੂ ਪਾਇਲਟ ਪਹਿਲਾਂ ਤੋਂ ਹੀ ਹਨ। ਫਲਾਇੰਗ ਅਫ਼ਸਰ ਅਵਨੀ ਚਤੁਰਵੇਦੀ ਸਾਲ 2018 'ਚ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ ਸੀ।