ਕੈਨੇਡੀਅਨ ਵਿਗਿਆਨੀ ਨੇ ਪਲਾਇਨ ਤੋਂ ਬਾਅਦ ਕਸ਼ਮੀਰੀ ਪੰਡਿਤਾਂ ’ਚ ‘ਪਿਤਾਪੁਰਖੀ ਤਬਦੀਲੀ’ ’ਤੇ ਸ਼ੁਰੂ ਕੀਤਾ ਅਧਿਐਨ
Saturday, Dec 24, 2022 - 10:17 AM (IST)
ਜੰਮੂ (ਭਾਸ਼ਾ)- ਕਸ਼ਮੀਰੀ ਪੰਡਿਤਾਂ ਦੇ ਘਾਟੀ ਤੋਂ ਪਲਾਇਨ ਦੇ ਅਗਲੇ ਸਾਲ ਜਨਵਰੀ ਵਿਚ 33 ਸਾਲ ਪੂਰੇ ਹੋਣ ਵਾਲੇ ਹਨ, ਅਜਿਹੇ ਵਿਚ ਕੈਨੇਡਾ ਦੀ ਇਕ ਵਿਗਿਆਨੀ ਨੇ ਪਿਛਲੇ 3 ਦਹਾਕਿਆਂ ਵਿਚ ਭਾਈਚਾਰੇ ਦੇ ਮੈਂਬਰਾਂ ਦਰਮਿਆਨ ਆਈ ‘ਪਿਤਾਪੁਰਖੀ ਤਬਦੀਲੀ’ ’ਤੇ ਅਧਿਐਨ ਸ਼ੁਰੂ ਕੀਤਾ ਹੈ। ਕੈਨੇਡਾ ਦੀ ਇਕ ਦਵਾਈ ਕੰਪਨੀ ਵਿਚ ਵਿਗਿਆਨੀ ਡਾ. ਅਰਚਨਾ ਕੌਲ ਨੇ ਜੰਮੂ ਵਿਚ ਕਿਹਾ ਕਿ ਮੈਂ ਨਵ-ਸਥਾਪਿਤ ਜੋਨਾਰਾਜਾ ਸੰਸਥਾ ਦੀ ਮਦਦ ਨਾਲ ਇਹ ਅਧਿਐਨ ਕਰ ਰਹੀ ਹਾਂ। ਪਿਤਾਪੁਰਖੀ ਅਤੇ ਡੀ. ਐੱਨ. ਏ. ਦੇ ਪੈਟਰਨ ਵਿਚ ਬਦਲਾਅ ਦਾ ਅਧਿਐਨ ਕਰਨਾ ਮੇਰਾ ਸੁਪਨਾ ਸੀ। ਜੋਨਾਰਾਜਾ ਇੰਸਟੀਚਿਊਟ ਆਫ ਜੈਨੋਸਾਈਡ ਐਂਡ ਐਟ੍ਰੋਸਿਟੀ ਸਟੱਡੀਜ਼ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਬੁੱਧੀਜੀਵੀਆਂ ਦੇ ਇਕ ਸਮੂਹ ਵਲੋਂ ਸਥਾਪਤ ਇਕ ਆਨਲਾਈਨ ਮੰਚ ਹੈ। ਇਸ ਵਿਸ਼ੇ ’ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਇਕ ਮੰਚ ਪ੍ਰਦਾਨ ਕਰਨ ਦੇ ਮਕਸਦ ਨਾਲ ਇਥੇ 18 ਦਸੰਬਰ ਨੂੰ ਅਧਿਕਾਰਕ ਤੌਰ ’ਤੇ ਇਸ ਨੂੰ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ : ਉੱਤਰੀ ਸਿੱਕਮ 'ਚ ਵਾਪਰਿਆ ਭਿਆਨਕ ਹਾਦਸਾ, ਫ਼ੌਜ ਦੇ 16 ਜਵਾਨ ਸ਼ਹੀਦ
ਕੌਲ ਨੇ ਕਿਹਾ,“ਸਾਡੀ ਟੀਮ ਨੇ ਦੁਨੀਆ 'ਚ ਵੱਖ-ਵੱਖ ਤਰ੍ਹਾਂ ਦੇ ਨਸਲਕੁਸ਼ੀ ਦਾ ਸਾਹਮਣਾ ਕਰ ਚੁੱਕੇ ਲੋਕਾਂ ਦੀ ਸਮੀਖਿਆ ਕੀਤੀ ਸੀ। ਇਸ ਲਈ ਅਸੀਂ ਕਈ ਵਿਗਿਆਨੀਆਂ ਨਾਲ ਗੱਲ ਕਰ ਰਹੇ ਹਾਂ। ਅਸੀਂ ਇਕ ਚੰਗੀ ਪ੍ਰਯੋਗਸ਼ਾਲਾ ਮਿਲਣ ਦੀ ਵੀ ਉਮੀਦ ਕਰ ਰਹੇ ਹਾਂ।” ਉਨ੍ਹਾਂ ਕਿਹਾ,“ਇਕ ਵਾਰ ਸਾਰੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ, ਖ਼ਾਸਕਰ ਲੈਬਾਰਟਰੀ ਮਿਲਣ ਤੋਂ ਬਾਅਦ, ਅਸੀਂ ਟ੍ਰਾਇਲ ਸ਼ੁਰੂ ਕਰਾਂਗੇ।” ਕੌਲ ਨੇ ਕਿਹਾ ਕਿ ਇਸ ਪ੍ਰਕਿਰਿਆ ਤੋਂ ਬਾਅਦ ਟੀਮ ਉਨ੍ਹਾਂ ਦੇ ਖੂਨ ਦੇ ਨਮੂਨੇ ਲਵੇਗੀ। ਉਨ੍ਹਾਂ ਕਿਹਾ,“ਸਾਨੂੰ ਚਾਰ ਪੀੜ੍ਹੀਆਂ 'ਚੋਂ ਹਰੇਕ ਦੇ ਲੋਕਾਂ ਦੇ ਘੱਟੋ-ਘੱਟ 50 ਨਮੂਨਿਆਂ ਦੀ ਲੋੜ ਪਵੇਗੀ। ਜਿਸ ਪੀੜੀ ਦੇ ਪੜਦਾਦਾ ਵੀ ਮੌਜੂਦ ਹੋਣਗੇ, ਸਾਨੂੰ ਉਨ੍ਹਾਂ ਦੇ ਵੱਧ ਨਮੂਨਿਆਂ ਦੀ ਲੋੜ ਪਵੇਗੀ। ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ।'' ਜੋਨਾਰਾਜਾ ਇੰਸਟੀਚਿਊਟ ਦੇ ਚੇਅਰਮੈਨ ਟੀਟੂ ਗੰਜੂ ਨੇ ਦੱਸਿਆ ਕਿ ਇਹ ਪ੍ਰਾਜੈਕਟ 1990 'ਚ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਤੋਂ ਬਾਅਦ ਉਨ੍ਹਾਂ ਦੇ ਜੈਨੇਟਿਕ ਬਦਲਾਅ ਦਾ ਅਧਿਐਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅਧਿਐਨ ਪਲਾਇਨ ਦੇ ਮਾੜੇ ਪ੍ਰਭਾਵਾਂ ਬਾਰੇ ਨਵੇਂ ਪਹਿਲੂਆਂ ਦਾ ਖੁਲਾਸਾ ਕਰੇਗਾ ਅਤੇ ਕੀ ਇਨ੍ਹਾਂ ਨਾਲ ਨਿਪਟਿਆ ਜਾ ਸਕਦਾ ਹੈ ਜਾਂ ਸਥਾਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ