ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮਾਲਵੀਆ ਨਗਰ ਅਗਨੀਕਾਂਡ 'ਤੇ ਪ੍ਰਗਟਾਇਆ ਦੁੱਖ
Thursday, Jun 04, 2026 - 03:23 PM (IST)
ਓਟਾਵਾ/ਨਵੀਂ ਦਿੱਲੀ (ਏਐਨਆਈ): ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦਿੱਲੀ ਦੇ ਮਾਲਵੀਆ ਨਗਰ ਵਿਚ ਵਾਪਰੇ ਅਗਨੀਕਾਂਡ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਭਾਰਤ ਨਾਲ ਇਕਜੁੱਟਤਾ ਪ੍ਰਗਟਾਈ ਹੈ। ਇਸ ਭਿਆਨਕ ਅਗਨੀਕਾਂਡ ਦੇ ਨਤੀਜੇ ਵਜੋਂ ਕਈ ਵਿਦੇਸ਼ੀ ਨਾਗਰਿਕਾਂ ਸਮੇਤ 21 ਲੋਕਾਂ ਦੀ ਮੌਤ ਹੋ ਗਈ। ਭਾਰਤ ਦੀ ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਵਾਪਰੇ ਇਸ ਭਿਆਨਕ ਅਗਨੀਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਰਾਹੀਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, "ਦੁੱਖ ਦੇ ਸਮੇਂ ਵਿੱਚ ਕੈਨੇਡਾ ਭਾਰਤ ਦੇ ਨਾਲ ਖੜ੍ਹਾ ਹੈ।" ਆਨੰਦ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਗੱਲਬਾਤ ਕਰਕੇ ਆਪਣੀ ਸੰਵੇਦਨਾ ਪਹੁੰਚਾਈ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੋਟਲ ਦੀ ਤੀਜੀ ਮੰਜ਼ਿਲ ਅਤੇ ਬੇਸਮੈਂਟ ਵਿੱਚ ਮੌਜੂਦ ਲੋਕ ਇਸ ਅੱਗ ਦੀ ਲਪੇਟ ਵਿੱਚ ਆ ਗਏ ਸਨ। ਸੂਤਰਾਂ ਅਨੁਸਾਰ, ਜ਼ਿਆਦਾਤਰ ਮੌਤਾਂ ਦਮ ਘੁੱਟਣ ਕਾਰਨ ਹੋਈਆਂ ਹਨ। ਪੁਲਿਸ ਅਨੁਸਾਰ ਮਰਨ ਵਾਲਿਆਂ ਵਿੱਚ 12 ਵਿਦੇਸ਼ੀ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 9 ਦੀ ਪਛਾਣ ਉਨ੍ਹਾਂ ਦੇ ਪਾਸਪੋਰਟਾਂ ਰਾਹੀਂ ਕਰ ਲਈ ਗਈ ਹੈ। ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਜਾਂਚ ਲਈ ਕੁੱਲ 10 ਟੀਮਾਂ ਬਣਾਈਆਂ ਹਨ। ਇਨ੍ਹਾਂ ਵਿੱਚੋਂ 5 ਟੀਮਾਂ ਵਿਸ਼ੇਸ਼ ਤੌਰ 'ਤੇ ਫਰਾਰ ਹੋਟਲ ਮੈਨੇਜਰ ਜੈ ਮਿਸ਼ਰਾ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਬਾਕੀ ਟੀਮਾਂ ਹਾਦਸੇ ਦੇ ਕਾਰਨਾਂ ਅਤੇ ਹੋਰ ਕਾਨੂੰਨੀ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ।

ਪੁਲਿਸ ਨੇ ਵਿਦੇਸ਼ੀ ਦੂਤਾਵਾਸਾਂ ਦੀ ਇਜਾਜ਼ਤ ਤੋਂ ਬਾਅਦ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਅਤੇ ਡੀ.ਐੱਨ.ਏ. ਪ੍ਰੋਫਾਈਲਿੰਗ ਮੁਕੰਮਲ ਕਰ ਲਈ ਹੈ। ਮ੍ਰਿਤਕਾਂ ਦੀ ਸੂਚੀ ਵਿਦੇਸ਼ ਮੰਤਰਾਲੇ (MEA) ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਵਿਦੇਸ਼ੀ ਨਾਗਰਿਕਾਂ ਦੀਆਂ ਦੇਹਾਂ ਨੂੰ ਸਨਮਾਨ ਸਹਿਤ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾ ਸਕੇ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
