ਕੀ ਹਰੀਵੰਸ਼ (ਨਾਮਜ਼ਦ ਸੰਸਦ ਮੈਂਬਰ) ਹੁਣ ਰਾਜ ਸਭਾ ਦੇ ਡਿਪਟੀ ਚੇਅਰਮੈਨ ਬਣ ਸਕਦੇ ਹਨ?
Sunday, Apr 12, 2026 - 12:03 AM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਦਿਨ ਪਹਿਲਾਂ ਸਿਆਸੀ ਹਲਚਲ ਮਚਾ ਦਿੱਤੀ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਰੀਵੰਸ਼ ਨਾਰਾਇਣ ਸਿੰਘ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਤੇ ਕੁਝ ਘੰਟਿਆਂ ਅੰਦਰ ਹੀ ਉਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਾ ਦਿੱਤੀ ਗਈ।
ਹਰੀਵੰਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ 2 ਵਾਰ ਸੇਵਾ ਨਿਭਾਉਣ ਤੋਂ ਬਾਅਦ 9 ਅਪ੍ਰੈਲ ਨੂੰ ਸੇਵਾਮੁਕਤ ਹੋ ਗਏ ਸਨ। ਜਨਤਾ ਦਲ (ਯੂ) ਨੇ ਹਰੀਵੰਸ਼ ਨੂੰ ਦੁਬਾਰਾ ਨਾਮਜ਼ਦ ਨਹੀਂ ਕੀਤਾ ਕਿਉਂਕਿ ਨਿਤੀਸ਼ ਕੁਮਾਰ ਨੇ ਖੁਦ ਕੇਂਦਰੀ ਮੰਤਰੀ ਰਾਮ ਨਾਥ ਠਾਕੁਰ ਨਾਲ ਰਾਜ ਸਭਾ ’ਚ ਜਾਣ ਦਾ ਫੈਸਲਾ ਕੀਤਾ ਸੀ।
ਹਰੀਵੰਸ਼ ਨੂੰ ਨਾਮਜ਼ਦ ਕਰਨ ਦੇ ਮੋਦੀ ਦੇ ਸਿਆਸੀ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਨੂੰ ਨਿਤੀਸ਼ ਕੁਮਾਰ ਦੇ ਇਕ ਤਰ੍ਹਾਂ ਨਾਲ ਅਪਮਾਨ ਵਜੋਂ ਵੇਖਿਆ ਗਿਆ ਕਿਉਂਕਿ ਉਨ੍ਹਾਂ ਸਵੇਰੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਤੇ ਦੁਪਹਿਰ ਵੇਲੇ ਹਰੀਵੰਸ਼ ਨੇ ਸਹੁੰ ਚੁੱਕ ਲਈ। ਮੋਦੀ ਜਨਤਾ ਦਲ (ਯੂ) ਤੇ ਨਿਤੀਸ਼ ਨੂੰ ਕੀ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ?
ਜਨਤਾ ਦਲ (ਯੂ) ਨੇ ਉਨ੍ਹਾਂ ਨੂੰ ਰਾਜ ਸਭਾ ਦਾ ਦੁਬਾਰਾ ਮੈਂਬਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਾਰਟੀ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਖਤਮ ਕਰਨਾ ਚਾਹੁੰਦੀ ਸੀ ਪਰ ਮੋਦੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਜ਼ਿੰਦਾ ਕਰ ਦਿੱਤਾ।
ਵੱਡਾ ਸਵਾਲ ਇਹ ਹੈ ਕਿ ਕੀ ਹਰੀਵੰਸ਼ ਨੂੰ ਰਾਜ ਸਭਾ ਦਾ ਡਿਪਟੀ ਚੇਅਰਮੈਨ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਇਸ ਸਮੇ ਨਾਮਜ਼ਦ ਮੈਂਬਰ ਹਨ। ਆਮ ਤੌਰ ’ਤੇ ਨਾਮਜ਼ਦ ਮੈਂਬਰ ਨੂੰ ਮੰਤਰੀ ਵਜੋਂ ਨਿਯੁਕਤ ਨਹੀਂ ਕੀਤਾ ਜਾਂਦਾ ਜਾਂ ਕੋਈ ਹੋਰ ਅਹੁਦਾ ਵੀ ਨਹੀਂ ਦਿੱਤਾ ਜਾਂਦਾ।
ਹਾਲਾਂਕਿ, ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਜ ਸਭਾ ਦੇ ਡਿਪਟੀ ਚੇਅਰਮੈਨ ਦਾ ਅਹੁਦਾ ਕੋਈ ਸਰਕਾਰੀ ਨਹੀਂ ਹੈ। ਇਹ ਇਕ ਵਿਧਾਨਕ ਅਹੁਦਾ ਹੈ ਤੇ ਇਸ ਨੂੰ ਸੰਭਾਲਣ ਵਾਲਾ ਵਿਅਕਤੀ ਨਿਰਪੱਖ ਹੁੰਦਾ ਹੈ। ਇਸ ਲਈ ਹਰੀਵੰਸ਼ ਡਿਪਟੀ ਚੇਅਰਮੈਨ ਵਜੋਂ ਸੇਵਾਵਾਂ ਦੇ ਸਕਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਨਾਮਜ਼ਦ ਸੰਸਦ ਮੈਂਬਰ ਵਜੋਂ ਡਿਪਟੀ ਚੇਅਰਮੈਨ ਬਣਨ ਵਾਲੇ ਹਰੀਵੰਸ਼ ਪਹਿਲੇ ਵਿਅਕਤੀ ਹੋਣਗੇ।
