ਮੁੱਖ ਮੰਤਰੀ ਸੈਣੀ ਤੇ ਬੜੌਲੀ ਵਿਰੁੱਧ ਬਿਆਨਬਾਜ਼ੀ ਕਰਨ ’ਤੇ ਅਨਿਲ ਵਿਜ ਨੂੰ ਕਾਰਨ ਦੱਸੋ ਨੋਟਿਸ

Tuesday, Feb 11, 2025 - 04:51 PM (IST)

ਮੁੱਖ ਮੰਤਰੀ ਸੈਣੀ ਤੇ ਬੜੌਲੀ ਵਿਰੁੱਧ ਬਿਆਨਬਾਜ਼ੀ ਕਰਨ ’ਤੇ ਅਨਿਲ ਵਿਜ ਨੂੰ ਕਾਰਨ ਦੱਸੋ ਨੋਟਿਸ

ਚੰਡੀਗੜ੍ਹ, (ਪਾਂਡੇ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸੂਬਾਈ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬੜੌਲੀ ਵਿਰੁੱਧ ਦਿੱਤੇ ਗਏ ਬਿਆਨਾਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਭਾਜਪਾ ਸੰਗਠਨ ਨੇ ਸੂਬੇ ਦੇ ਊਰਜਾ ਤੇ ਆਵਾਜਾਈ ਮੰਤਰੀ ਅਨਿਲ ਵਿਜ ਨੂੰ ਸੋਮਵਾਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਉਨ੍ਹਾਂ ਨੂੰ ਤਿੰਨ ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।

ਬੜੌਲੀ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਅਨਿਲ ਵਿਜ ਨੇ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਵਿਰੁੱਧ ਜਨਤਕ ਬਿਆਨਬਾਜ਼ੀ ਕੀਤੀ ਹੈ। ਇਹ ਇਕ ਗੰਭੀਰ ਦੋਸ਼ ਹੈ । ਇਹ ਪਾਰਟੀ ਦੀ ਅੰਦਰੂਨੀ ਨੀਤੀ ਤੇ ਅਨੁਸ਼ਾਸਨ ਦੇ ਵਿਰੁੱਧ ਹੈ।

ਨੋਟਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਇਹ ਕਦਮ ਉਦੋਂ ਚੁੱਕਿਆ ਜਦੋਂ ਪਾਰਟੀ ਦਿੱਲੀ ’ਚ ਚੋਣਾਂ ਲਈ ਪ੍ਰਚਾਰ ਕਰ ਰਹੀ ਸੀ। ਚੋਣਾਂ ਦੌਰਾਨ ਮੰਤਰੀ ਦੇ ਅਹੁਦੇ 'ਤੇ ਬੈਠੇ ਵਿਅਕਤੀ ਵੱਲੋਂ ਦਿੱਤੇ ਗਏ ਅਜਿਹੇ ਬਿਆਨ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਠੀਕ ਨਹੀਂ ਸੀ।

ਇਹ ਜਾਣਨ ਦੇ ਬਾਵਜੂਦ ਵਿਜ ਨੇ ਬਿਆਨ ਦਿੱਤੇ। ਇਹ ਸਵੀਕਾਰ ਹੋਣ ਯੋਗ ਨਹੀਂ ਹਨ। ਨੋਟਿਸ ’ਚ ਰਾਸ਼ਟਰੀ ਪ੍ਰਧਾਨ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਕਾਰਨ ਦੱਸੋ ਨੋਟਿਸ ਉਨ੍ਹਾਂ ਦੇ ਹੁਕਮਾਂ ਅਨੁਸਾਰ ਜਾਰੀ ਕੀਤਾ ਜਾ ਰਿਹਾ ਹੈ। ਇਸ ’ਚ ਲਿਖਿਆ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਤਿੰਨ ਦਿਨਾਂ ਅੰਦਰ ਲਿਖਤੀ ਸਪੱਸ਼ਟੀਕਰਨ ਦਿਓਗੇ।

ਅਨਿਲ ਵਿਜ ਨੇ ਕਿਹਾ ਸੀ ਕਿ ਜਦੋਂ ਤੱਕ ਬੇਕਸੂਰ ਸਾਬਤ ਨਹੀਂ ਹੋ ਜਾਂਦੇ, ਅਸਤੀਫਾ ਦੇਣ ਬੜੌਲੀ

ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ਵਿਰੁੱਧ ਕਸੌਲੀ ’ਚ ਦਰਜ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ’ਚ ਪਹਿਲੀ ਵਾਰ ਵਿੱਜ ਨੇ 18 ਜਨਵਰੀ ਨੂੰ ਅਸਤੀਫਾ ਦੇਣ ਲਈ ਕਿਹਾ ਸੀ। ਵਿਜ ਨੇ ਕਿਹਾ ਸੀ ਕਿ ਜਦੋਂ ਤੱਕ ਉਹ ਬੇਕਸੂਰ ਸਾਬਤ ਨਹੀਂ ਹੋ ਜਾਂਦੇ, ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਬੜੌਲੀ ਵਿਰੁੱਧ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਸੀ ਕਿ ਗਵਾਹ ਨੇ ਕਿਹਾ ਹੈ ਕਿ ਮੈਂ ਬੇਕਸੂਰ ਹਾਂ । ਬੜੌਲੀ ਵੀ ਕਹਿ ਰਹੇ ਹਨ ਕਿ ਮੈਂ ਬੇਕਸੂਰ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਹਿਮਾਚਲ ਪੁਲਸ ਦੀ ਜਾਂਚ ’ਚ ਉਹ ਬੇਕਸੂਰ ਸਾਬਤ ਹੋਣਗੇ ਪਰ ਜਦੋਂ ਤੱਕ ਹਿਮਾਚਲ ਪੁਲਸ ਉਨ੍ਹਾਂ ਨੂੰ ਬੇਕਸੂਰ ਸਾਬਤ ਨਹੀਂ ਕਰਦੀ ਤੇ ਜਾਂਚ ਪੂਰੀ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਪਾਰਟੀ ਦੀ ਪਵਿੱਤਰਤਾ ਬਣਾਈ ਰੱਖਣ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਤੋਂ ਬਾਅਦ 2 ਫਰਵਰੀ ਨੂੰ ਵਿਜ ਨੇ ਗੋਹਾਨਾ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੜੌਲੀ ਮਾਮਲੇ ’ਚ ਉਹੀ ਪੁਰਾਣਾ ਬਿਆਨ ਦੁਹਰਾਇਆ ਸੀ ਤੇ ਅਸਤੀਫ਼ੇ ਦੀ ਮੰਗ ਕੀਤੀ ਸੀ।


author

Rakesh

Content Editor

Related News