ਦਿੱਲੀ ਵਾਸੀਆਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਤੋਹਫਾ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ
Friday, Dec 06, 2024 - 10:26 PM (IST)
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਠਾਲਾ-ਕੁੰਡਲੀ ਕੋਰੀਡੋਰ ਬਣਾਇਆ ਜਾਵੇਗਾ। ਇਸ ਨਾਲ ਦਿੱਲੀ ਦਾ ਹਰਿਆਣਾ ਨਾਲ ਸੰਪਰਕ ਵਧੇਗਾ। ਇਹ ਦਿੱਲੀ ਮੈਟਰੋ ਦਾ ਚੌਥਾ ਪੜਾਅ ਹੋਵੇਗਾ। 26.463 ਕਿਲੋਮੀਟਰ ਦੇ ਇਸ ਪ੍ਰਾਜੈਕਟ ‘ਤੇ 6230 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਲਾਂਘੇ ਨੂੰ ਪੂਰਾ ਕਰਨ ਲਈ ਚਾਰ ਸਾਲ ਦਾ ਸਮਾਂ ਰੱਖਿਆ ਹੈ। ਇਹ ਕਾਰੀਡੋਰ ਹਰਿਆਣਾ ਵਿੱਚ ਦਿੱਲੀ ਮੈਟਰੋ ਦਾ ਚੌਥਾ ਐਕਸਟੈਂਸ਼ਨ ਹੋਵੇਗਾ। ਫਿਲਹਾਲ ਦਿੱਲੀ ਮੈਟਰੋ ਹਰਿਆਣਾ ਦੇ ਗੁਰੂਗ੍ਰਾਮ, ਬੱਲਭਗੜ੍ਹ ਅਤੇ ਬਹਾਦੁਰਗੜ੍ਹ ਤੱਕ ਚਲਾਈ ਜਾ ਰਹੀ ਹੈ। ਇਹ ਲਾਈਨ ਸ਼ਹੀਦ ਸਥਲ (ਨਵਾਂ ਬੱਸ ਸਟੈਂਡ) - ਰਿਠਾਲਾ (ਲਾਲ ਲਾਈਨ) ਕੋਰੀਡੋਰ ਦਾ ਵਿਸਤਾਰ ਹੋਵੇਗੀ। ਇਸ ਨਾਲ ਦਿੱਲੀ ਦੇ ਉੱਤਰੀ ਪੱਛਮੀ ਖੇਤਰ ਦੇ ਕੁਝ ਹਿੱਸਿਆਂ ਜਿਵੇਂ ਨਰੇਲਾ, ਬਵਾਨਾ, ਰੋਹਿਣੀ ਵਿੱਚ ਸੰਪਰਕ ਵਧੇਗਾ।
ਕੁੱਲ 21 ਸਟੇਸ਼ਨ ਹੋਣਗੇ
ਇਸ ਕੋਰੀਡੋਰ ਵਿੱਚ 21 ਸਟੇਸ਼ਨ ਸ਼ਾਮਲ ਹੋਣਗੇ। ਖਾਸ ਗੱਲ ਇਹ ਹੈ ਕਿ ਸਾਰੇ ਸਟੇਸ਼ਨ ਐਲੀਵੇਟਿਡ ਹੋਣਗੇ। ਸੂਤਰਾਂ ਅਨੁਸਾਰ ਜਦੋਂ ਇਹ ਪ੍ਰਾਜੈਕਟ ਪੂਰਾ ਹੋ ਜਾਵੇਗਾ ਤਾਂ ਰਿਠਾਲਾ-ਨਰੇਲਾ-ਨਾਥੂਪੁਰ ਕੋਰੀਡੋਰ ਯੂਪੀ ਦੇ ਗਾਜ਼ੀਆਬਾਦ ਦੇ ਸ਼ਹੀਦ ਸਥਲ ਨਿਊ ਬੱਸ ਅੱਡਾ ਨੂੰ ਵੀ ਦਿੱਲੀ ਰਾਹੀਂ ਹਰਿਆਣਾ ਦੇ ਨਾਥੂਪੁਰ ਨਾਲ ਜੋੜ ਦੇਵੇਗਾ। ਇਸ ਨਾਲ ਪੂਰੇ ਦਿੱਲੀ-ਐਨਸੀਆਰ ਵਿੱਚ ਸੰਪਰਕ ਵਿੱਚ ਸੁਧਾਰ ਹੋਵੇਗਾ।
85 ਕੇਂਦਰੀ ਸਕੂਲ ਖੁੱਲ੍ਹਣਗੇ
ਵੈਸ਼ਨਵ ਨੇ ਕਿਹਾ ਕਿ ਮੰਤਰੀ ਮੰਡਲ ਨੇ 85 ਕੇਂਦਰੀ ਸਕੂਲ ਅਤੇ 28 ਨਵੋਦਿਆ ਵਿਦਿਆਲਿਆ ਖੋਲ੍ਹਣ ਨੂੰ ਵੀ ਮਨਜ਼ੂਰੀ ਦਿੱਤੀ ਹੈ। ਨਵੋਦਿਆ ਵਿਦਿਆਲਿਆ ਯੋਜਨਾ ਤਹਿਤ ਦੇਸ਼ ਦੇ ਪਛੜੇ ਜ਼ਿਲ੍ਹਿਆਂ ਵਿੱਚ 28 ਨਵੇਂ ਨਵੋਦਿਆ ਵਿਦਿਆਲਿਆ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ‘ਤੇ 5000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਸ਼ੁਰੂ ਕੀਤੀ ਗਈ ਸੀ। ਸਾਰੇ ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਨੂੰ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਵਜੋਂ ਮਨੋਨੀਤ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਹੋਰ ਸਕੂਲਾਂ ਲਈ ਇੱਕ ਨਮੂਨਾ ਬਣਾਇਆ ਜਾ ਸਕੇ।