ਕੈਬਨਿਟ ਨੇ ਬਿਹਾਰ ''ਚ ਪਟਨਾ-ਸਾਸਾਰਾਮ ਗਲਿਆਰਾ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

Saturday, Mar 29, 2025 - 11:27 AM (IST)

ਕੈਬਨਿਟ ਨੇ ਬਿਹਾਰ ''ਚ ਪਟਨਾ-ਸਾਸਾਰਾਮ ਗਲਿਆਰਾ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਬਿਹਾਰ 'ਚ 3,712.40 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਚਾਰ-ਲੇਨ ਵਾਲੇ ਪਟਨਾ-ਸਾਸਾਰਾਮ ਕੋਰੀਡੋਰ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸਾਸਾਰਾਮ, ਆਰਾ ਅਤੇ ਪਟਨਾ ਵਿਚਕਾਰ ਸੰਪਰਕ ਮੌਜੂਦਾ ਰਾਜ ਮਾਰਗਾਂ (SH-2, SH-12, SH-81 ਅਤੇ SH-102) 'ਤੇ ਨਿਰਭਰ ਹੈ ਅਤੇ ਭਾਰੀ ਭੀੜ ਕਾਰਨ ਤਿੰਨ ਤੋਂ ਚਾਰ ਘੰਟੇ ਲੱਗਦੇ ਹਨ। ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਪਟਨਾ ਤੋਂ ਬਿਹਾਰ ਦੇ ਸਾਸਾਰਾਮ (120.10 ਕਿਲੋਮੀਟਰ) ਤੱਕ ਚਾਰ-ਲੇਨ ਪਟਨਾ-ਆਰਾ-ਸਾਸਾਰਾਮ ਕੋਰੀਡੋਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 3,712.40 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਨੂੰ 'ਹਾਈਬ੍ਰਿਡ ਐਨੂਇਟੀ ਮੋਡ' (HAM) 'ਤੇ ਵਿਕਸਿਤ ਕੀਤਾ ਜਾਵੇਗਾ।

ਪ੍ਰਾਜੈਕਟ ਦੇ ਅਧੀਨ ਮੌਜੂਦਾ ਪੁਰਾਣੇ ਹਾਈਵੇਅ ਦੇ 10.6 ਕਿਲੋਮੀਟਰ ਦੇ ਉੱਨਤ ਕੀਤੇ ਜਾਣ ਦੇ ਨਾਲ ਇਕ ਨਵਾਂ ਗਲਿਆਰਾ ਵਿਕਸਿਤ ਕੀਤਾ ਜਾਵੇਗਾ। ਇਸ ਨਾਲ ਵਧਦੀ ਭੀੜ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਆਰਾ, ਗ੍ਰਹਿਣੀ, ਪੀਰੋ, ਬਿਕਰਮਗੰਜ, ਮੋਕਰ ਅਤੇ ਸਾਸਾਰਾਮ ਵਰਗੇ ਸਥਾਨਾਂ 'ਚ ਸੰਘਣੀ ਆਬਾਦੀ ਵਾਲੇ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ। ਇਹ ਪ੍ਰਾਜੈਕਟ ਨੈਸ਼ਨਲ ਹਾਈਵੇਅ-19, ਨੈਸ਼ਨਲ ਹਾਈਵੇਅ-319, ਨੈਸ਼ਨਲ ਹਾਈਵੇਅ-922, ਨੈਸ਼ਨਲ ਹਾਈਵੇਅ-131 ਜੀ ਅਤੇ ਨੈਸ਼ਨਲ ਹਾਈਵੇਅ-120 ਸਮੇਤ ਪ੍ਰਮੁੱਖ ਆਵਾਜਾਈ ਗਲਿਆਰਿਆਂ ਨਾਲ ਏਕੀਕ੍ਰਿਤ ਹੋ ਕੇ ਔਰੰਗਾਬਾਦ, ਕੈਮੂਰ ਅਤੇ ਪਟਨਾ ਨੂੰ ਬਿਨਾਂ ਰੁਕਾਵਟ ਸੰਪਰਕ ਸਹੂਲਤ ਪ੍ਰਦਾਨ ਕਰੇਗੀ। ਇਸ ਦੇ ਅਧੀਨ, ਪ੍ਰਾਜੈਕਟ 2 ਹਵਾਈ ਅੱਡਿਆਂ (ਪਟਨਾ ਦੇ ਜੈ ਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਆਉਣ ਵਾਲੇ ਬਿਹਟਾ ਹਵਾਈ ਅੱਡੇ) ਨੂੰ ਵੀ ਜੋੜਦਾ ਹੈ। ਇਹ ਚਾਰ ਮੁੱਖ ਰੇਲਵੇ ਸਟੇਸ਼ਨਾਂ (ਸਾਸਾਰਾਮ, ਆਰਾ, ਦਾਨਾਪੁਰ ਅਤੇ ਪਟਨਾ) ਅਤੇ ਇਕ ਅੰਦਰੂਨੀ ਜਲ ਟਰਮਿਨਲ (ਪਟਨਾ) ਨੂੰ ਜੋੜੇਗਾ ਅਤੇ ਪਟਨਾ ਰਿੰਗ ਰੋਡ ਤੱਕ ਸਿੱਧੀ ਪਹੁੰਚ ਵਧਾਏਗਾ, ਜਿਸ ਨਾਲ ਮਾਲ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਹੋਵੇਗੀ। ਪੂਰਾ ਹੋਣ 'ਤੇ, ਪਟਨਾ-ਆਰਾ-ਸਾਸਾਰਾਮ ਗਲਿਆਰਾ ਖੇਤਰੀ ਆਰਥਿਕ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਲਖਨਊ, ਪਟਨਾ, ਰਾਂਚੀ ਅਤੇ ਵਾਰਾਣਸੀ ਵਿਚਾਲੇ ਸੰਪਰਕ 'ਚ ਸੁਧਾਰ ਹੋਵੇਗਾ। ਇਹ ਪ੍ਰਾਜੈਕਟ 48 ਲੱਖ ਮਨੁੱਖੀ ਦਿਵਸ ਰੁਜ਼ਗਾਰ ਵੀ ਪੈਦਾ ਕਰੇਗੀ ਅਤੇ ਪਟਨਾ ਅਤੇ ਉਸ ਦੇ ਨੇੜੇ-ਤੇੜੇ ਦੇ ਵਿਕਾਸਸ਼ੀਲ ਖੇਤਰਾਂ 'ਚ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਰਸਤੇ ਖੋਲ੍ਹੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News