CAA ਪ੍ਰਦਰਸ਼ਨ : ਕੋਰਟ ਦੀ ਦਿੱਲੀ ਪੁਲਸ ਨੂੰ ਫਟਕਾਰ- 'ਕਿਹਾ ਪਾਕਿਸਤਾਨ 'ਚ ਨਹੀਂ ਹੈ ਜਾਮਾ ਮਸਜਿਦ'

01/14/2020 3:10:17 PM

ਨਵੀਂ ਦਿੱਲੀ— ਭੀਮ ਆਰਮੀ ਨੇਤਾ ਚੰਦਰਸ਼ੇਖਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਦੀ ਕੋਰਟ ਨੇ ਪੁਲਸ ਨੂੰ ਫਟਕਾਰ ਲਗਾਈ। ਤੀਸ ਹਜ਼ਾਰੀ ਕੋਰਟ ਨੇ ਪੁਲਸ ਤੋਂ ਪੁੱਛਿਆ ਕਿ ਜਾਮਾ ਮਸਜਿਦ ਦੇ ਸਾਹਮਣੇ ਸ਼ਾਂਤੀਪੂਰਵਕ ਪ੍ਰਦਰਸ਼ਨ ਹੋਣ ਦੇਣ 'ਚ ਉਨ੍ਹਾਂ ਨੂੰ ਕੀ ਪਰੇਸ਼ਾਨੀ ਹੈ। ਕੋਰਟ 'ਚ ਪਾਕਿਸਤਾਨ ਦਾ ਜ਼ਿਕਰ ਆਇਆ। ਕੋਰਟ ਨੇ ਅੱਗੇ ਭੀਮ ਆਰਮੀ ਦੇ ਨੇਤਾ ਚੰਦਰਸ਼ੇਖਰ ਨੂੰ ਉਭਰਦਾ ਨੇਤਾ ਵੀ ਕਿਹਾ। ਦਰਅਸਲ ਜਾਮਾ ਮਸਜਿਦ 'ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਪ੍ਰਦਰਸ਼ਨ ਕਾਰਨ ਚੰਦਰਸ਼ੇਖਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਉੱਥੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਸੀ। ਇਸ ਪ੍ਰਦਰਸ਼ਨ ਦਰਮਿਆਨ ਦਰਿਆਗੰਜ 'ਚ ਵੀ ਹਿੰਸਾ ਹੋਈ ਸੀ। ਕੋਰਟ ਨੇ ਕਿਹਾ ਕਿ ਲੋਕ ਸੜਕਾਂ 'ਤੇ ਇਸ ਲਈ ਹੈ, ਕਿਉਂਕਿ ਜੋ ਚੀਜ਼ਾਂ ਸੰਸਦ ਦੇ ਅੰਦਰ ਕਹੀਆਂ ਜਾਣੀਆਂ ਚਾਹੀਦੀਆਂ ਸਨ, ਉਹ ਨਹੀਂ ਕਹੀਆਂ ਗਈਆਂ।

ਲੋਕ ਸ਼ਾਂਤੀ ਨਾਲ ਕਿਤੇ ਵੀ ਪ੍ਰਦਰਸ਼ਨ ਕਰ ਸਕਦੇ ਹਨ
ਕੋਰਟ ਨੇ ਪੁਲਸ ਤੋਂ ਪੁੱਛਿਆ ਕਿ ਕਿਹੜੇ ਕਾਨੂੰਨ 'ਚ ਲਿਖਿਆ ਹੈ ਕਿ ਧਾਰਮਿਕ ਸਥਾਨ ਦੇ ਬਾਹਰ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ? ਅੱਗੇ ਕਿਹਾ ਗਿਆ ਕਿ ਲੋਕ ਸ਼ਾਂਤੀ ਨਾਲ ਕਿਤੇ ਵੀ ਪ੍ਰਦਰਸ਼ਨ ਕਰ ਸਕਦੇ ਹਨ। ਕੋਰਟ ਨੇ ਕਿਹਾ,''ਲੋਕ ਸ਼ਾਂਤੀ ਨਾਲ ਕਿਤੇ ਵੀ ਪ੍ਰਦਰਸ਼ਨ ਕਰ ਸਕਦੇ ਹਨ। ਜਾਮਾ ਮਸਜਿਦ ਪਾਕਿਸਤਾਨ 'ਚ ਨਹੀਂ ਹੈ, ਜੋ ਉੱਥੇ ਪ੍ਰਦਰਸ਼ਨ ਨਾ ਕਰਨ ਦਿੱਤਾ ਜਾਵੇ। ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਤਾਂ ਪਾਕਿਸਤਾਨ 'ਚ ਵੀ ਹੋਣ ਦਿੱਤਾ ਜਾਂਦਾ ਹੈ।''

ਚੰਦਰਸ਼ੇਖਰ ਦੇ ਪ੍ਰਦਰਸ਼ਨ ਕਰਨ 'ਚ ਕੀ ਪਰੇਸ਼ਾਨੀ ਸੀ
ਸੁਣਵਾਈ ਦੌਰਾਨ ਚੰਦਰਸ਼ੇਖਰ 'ਤੇ ਕੋਰਟ ਨੇ ਕਿਹਾ ਕਿ ਉਹ ਉੱਭਰਦੇ ਨੇਤਾ ਹਨ। ਉਨ੍ਹਾਂ ਦੇ ਪ੍ਰਦਰਸ਼ਨ ਕਰਨ 'ਚ ਕੀ ਪਰੇਸ਼ਾਨੀ ਸੀ। ਜੱਜ ਨੇ ਅੱਗੇ ਕਿਹਾ,''ਮੈਂ ਕਈ ਅਜਿਹੇ ਲੋਕ ਅਤੇ ਕਈ ਮੌਕੇ ਦੇਖੇ ਹਨ, ਜਦੋਂ ਸੰਸਦ ਦੇ ਬਾਹਰ ਵੀ ਪ੍ਰਦਰਸ਼ਨ ਹੋਏ ਹਨ।'' ਇਸ ਦੇ ਨਾਲ ਹੀ ਕੋਰਟ ਨੇ ਚੰਦਰਸ਼ੇਖਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਨੂੰ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤਾ।

ਮੇਰੇ ਵਿਰੁੱਧ ਲਗਾਏ ਗਏ ਦੋਸ਼ ਆਧਾਰਹੀਣ ਤੇ ਅਜੀਬ ਹਨ- ਚੰਦਰਸ਼ੇਖਰ
ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ ਦੌਰਾਨ ਹਿੰਸਾ ਮਾਮਲੇ 'ਚ ਗ੍ਰਿਫਤਾਰ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਸੋਮਵਾਰ ਨੂੰ ਜ਼ਮਾਨਤ ਲਈ ਦਿੱਲੀ ਦੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਪੁਲਸ ਨੇ ਉਨ੍ਹਾਂ ਵਿਰੁੱਧ ਅਸਪੱਸ਼ਟ ਦੋਸ਼ ਲਗਾਇਆ ਹੈ ਅਤੇ ਗ੍ਰਿਫਤਾਰੀ ਲਈ ਤੈਅ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ। ਮੰਗਲਵਾਰ ਨੂੰ ਕੋਰਟ ਨੇ ਆਜ਼ਾਦ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ। ਆਜ਼ਾਦ ਨੇ ਦਾਅਵਾ ਕੀਤਾ ਕਿ ਸ਼ਿਕਾਇਤ 'ਚ ਉਨ੍ਹਾਂ ਵਿਰੁੱਧ ਦੋਸ਼ ਲਗਾਏ ਗਏ ਹਨ, ਜੋ ਨਾ ਸਿਰਫ਼ ਆਧਾਰਹੀਣ ਹਨ, ਸਗੋਂ ਅਜੀਬ ਵੀ ਹਨ। ਆਜ਼ਾਦ ਦੀ ਜ਼ਮਾਨਤ ਪਟੀਸ਼ਨ ਵਕੀਲ ਮਹਿਮੂਦ ਪ੍ਰਾਚਾ ਰਾਹੀਂ ਦਾਖਲ ਕੀਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਸ਼ਿਕਾਇਤ 'ਚ ਆਜ਼ਾਦ ਦੀ ਵਿਸ਼ੇਸ਼ ਭੂਮਿਕਾ ਦੀ ਜਾਣਕਾਰੀ ਨਹੀਂ ਹੈ ਅਤੇ ਉਸ ਦੀ ਸਮੱਗਰੀ ਯਕੀਨੀ ਅਤੇ ਅਟਕਲਾਂ ਤੇ ਸ਼ੱਕ 'ਤੇ ਆਧਾਰਤ ਹਨ, ਜਦਕਿ ਉਹ ਸ਼ਾਂਤੀ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲਸ ਦੀ ਮਨਜ਼ੂਰੀ ਦੇ ਬਿਨਾਂ ਕੀਤਾ ਸੀ ਮਾਰਚ ਦਾ ਆਯੋਜਨ
ਆਜ਼ਾਦ ਦੇ ਸੰਗਠਨ ਨੇ 20 ਦਸੰਬਰ ਨੂੰ ਪੁਲਸ ਦੀ ਮਨਜ਼ੂਰੀ ਦੇ ਬਿਨਾਂ ਸੀ.ਏ.ਏ. ਵਿਰੁੱਧ ਜਾਮਾ ਮਸਜਿਦ ਦੇ ਜੰਤਰ-ਮੰਤਰ ਤੱਕ ਮਾਰਚ ਦਾ ਆਯੋਜਨ ਕੀਤਾ ਸੀ। ਇਸ ਮਾਮਲੇ 'ਚ ਗ੍ਰਿਫਤਾਰ 15 ਲੋਕਾਂ ਨੂੰ ਕੋਰਟ ਨੇ 9 ਜਨਵਰੀ ਨੂੰ ਜ਼ਮਾਨਤ ਦੇ ਦਿੱਤੀ ਸੀ। ਭੀਮ ਆਰਮੀ ਮੁਖੀ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਉਹ ਮਾਮਲੇ ਦੀ ਜਾਂਚ 'ਚ ਪੂਰਾ ਸਹਿਯੋਗ ਕਰਨ ਲਈ ਇਛੁੱਕ ਹਨ ਅਤੇ ਉਹ ਕਿਸੇ ਸਬੂਤ ਨਾਲ ਛੇੜਛਾੜ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਗਵਾਹ ਨੂੰ ਪ੍ਰਭਾਵਿਤ ਕਰਨਗੇ।


DIsha

Content Editor

Related News