ਦਿੱਲੀ ਦੇ ਸੀਮਾਪੁਰੀ ''ਚ 4 ਮੰਜਿਲਾ ਇਮਾਰਤ ਡਿੱਗੀ: 3 ਦੀ ਮੌਤ, 11 ਲੋਕਾਂ ਨੂੰ ਮਲਬੇ ''ਚੋਂ ਕੱਢਿਆ ਬਾਹਰ
Wednesday, Oct 07, 2026 - 10:54 PM (IST)
ਨਵੀਂ ਦਿੱਲੀ : ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਚਾਰ ਮੰਜਿਲਾ ਇਮਾਰਤ ਅਚਾਨਕ ਢਹਿ ਢੇਰੀ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 11 ਲੋਕਾਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਇੱਕ ਲਗਭਗ 12 ਸਾਲ ਦੀ ਬੱਚੀ, 21 ਸਾਲਾ ਗੁਲਫਸਾ (ਜੋ ਕਿ ਚਾਰ ਮਹੀਨੇ ਦੀ ਗਰਭਵਤੀ ਸੀ) ਅਤੇ ਇੱਕ ਹੋਰ ਬੱਚਾ ਸ਼ਾਮਲ ਹਨ। ਬਚਾਅ ਟੀਮ ਵੱਲੋਂ ਕੱਢੇ ਗਏ ਜ਼ਖਮੀਆਂ ਨੂੰ ਇਲਾਜ ਲਈ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ ਵਿੱਚ ਮੋਮਿਨ ਮਿਰਜ਼ਾ (56), ਅਬਦਾਨ (3), ਅਬਦੁਲ ਰਹਮਾਨ (28), ਦੇਵਰੁਦੀਨ (28), ਸਲਮਾ (50), ਛੋਟੇ (34), ਸਕੀਨਾ (35) ਅਤੇ ਸਮਦ (30) ਸ਼ਾਮਲ ਹਨ।
ਡੀ.ਸੀ.ਪੀ. ਆਰ. ਮੀਣਾ ਅਨੁਸਾਰ ਇਹ ਇਮਾਰਤ ਲਗਭਗ 25 ਗਜ਼ ਦੇ ਪਲਾਟ 'ਤੇ ਬਣੀ ਹੋਈ ਸੀ। ਹਾਦਸੇ ਦੀ ਇਤਲਾਹ ਮਿਲਦਿਆਂ ਹੀ ਅੱਗ ਬੁਝਾਊ ਵਿਭਾਗ ਦੀਆਂ 4 ਗੱਡੀਆਂ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਟੀਮਾਂ ਵੱਲੋਂ ਮਲਬਾ ਹਟਾ ਕੇ ਅੰਦਰ ਫਸੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
