ਬੱਸਾਂ ਬੰਦ ਹਨ, ਖੁਦ ਮਹੂ ਤੋਂ ਇੰਦੌਰ ਤੱਕ 28 ਕਿਲੋਮੀਟਰ ਖਿੱਚੀ ਬੈਲਗੱਡੀ

Wednesday, May 13, 2020 - 07:36 PM (IST)

ਬੱਸਾਂ ਬੰਦ ਹਨ, ਖੁਦ ਮਹੂ ਤੋਂ ਇੰਦੌਰ ਤੱਕ 28 ਕਿਲੋਮੀਟਰ ਖਿੱਚੀ ਬੈਲਗੱਡੀ

ਇੰਦੌਰ (ਭਾਸ਼ਾ)- ਲਾਕਡਾਊਨ ਦਰਮਿਆਨ ਦਿਲ ਨੂੰ ਝੰਜੋੜ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਤੰਗਹਾਲੀ ਦੇ ਸ਼ਿਕਾਰ ਪਰਿਵਾਰ ਦੇ ਇਕ ਵਿਅਕਤੀ ਨੂੰ ਬੈਲ ਦੇ ਨਾਲ ਖੁਦ ਸੜਕ 'ਤੇ ਗੱਡੀ ਖਿੱਚਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਅਨੁਸਾਰ ਵੀਡੀਓ ਇੰਦੌਰ ਤੋਂ ਲੰਘਣ ਵਾਲੇ ਆਗਰਾ-ਮੁੰਬਈ ਰਾਜਮਾਰਗ ਦਾ ਹੈ। ਬੈਲਗੱਡੀ ਨੂੰ ਮਹੂ ਤੋਂ 28 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਇੰਦੌਰ ਪਿੰਡ ਪਹੁੰਚਣਾ ਸੀ।

ਵੀਡੀਓ 'ਚ ਰਾਜਮਾਰਗ 'ਤੇ ਇਕ ਬੈਲਗੱਡੀ ਹੌਲੀ ਚਾਲ ਨਾਲ ਅੱਗੇ ਵਧਦੀ ਦਿਖਾਈ ਦਿੰਦੀ ਹੈ, ਜਿਸ 'ਚ ਇਕ ਬੈਲ ਅਤੇ ਇਕ ਵਿਅਕਤੀ ਨਾਲ-ਨਾਲ ਦੌੜਦੇ ਨਜ਼ਰ ਆਉਂਦੇ ਹਨ। ਘਰ ਦੇ ਕੁਝ ਸਾਮਾਨ ਨਾਲ ਲੱਦੀ ਬੈਲਗੱਡੀ 'ਤੇ ਇਕ ਔਰਤ ਅਤੇ ਇਕ ਨੌਜਵਾਨ ਬੈਠੇ ਦਿਖਾਈ ਦੇ ਰਹੇ ਹਨ। ਬੈਲ ਨਾਲ ਗੱਡੀ ਖਿੱਚਦਾ ਵਿਅਕਤੀ ਵੀਡੀਓ 'ਚ ਆਪਣਾ ਨਾਂ ਰਾਹੁਲ ਦੱਸ ਰਿਹਾ ਹੈ ਅਤੇ ਉਸ ਦੀ ਉਮਰ 40 ਸਾਲ ਦੇ ਨੇੜੇ-ਤੇੜੇ ਲੱਗ ਰਹੀ ਹੈ।
ਬੈਲਗੱਡੀ ਖਿੱਚਦਾ ਵਿਅਕਤੀ ਵੀਡੀਓ 'ਚ ਕਹਿ ਰਿਹਾ ਹੈ,''ਮੈਂ ਇੰਦੌਰ ਸ਼ਹਿਰ ਕੋਲ ਪੱਥਰਮੁੰਡਲਾ ਪਿੰਡ ਦਾ ਰਹਿਣ ਵਾਲਾ ਹਾਂ ਅਤੇ ਨੇੜਲੇ ਕਸਬੇ ਮਹੂ ਤੋਂ ਨਿਕਲਿਆ ਹਾਂ। ਗੱਡੀ 'ਚ ਮੇਰੀ ਭਰਜਾਈ ਅਤੇ ਛੋਟਾ ਭਰਾ ਬੈਠੇ ਹਨ। ਅਸੀਂ ਪਿੰਡ ਵੱਲ ਜਾ ਰਹੇ ਹਾਂ।'' ਬੈਲ ਨਾਲ ਗੱਡੀ ਖਿੱਚਦੇ ਹੋਏ ਵਿਅਕਤੀ ਨੇ ਲਾਚਾਰੀ ਭਰੇ ਸ਼ਬਦ 'ਚ ਕਿਹਾ ਕਿ ਬੱਸਾਂ ਵੀ ਨਹੀਂ ਚੱਲ ਰਹੀਆਂ ਹਨ। ਜੇਕਰ ਬੱਸਾਂ ਚੱਲਦੀਆਂ ਤਾਂ ਅਸੀਂ ਬੱਸ 'ਚ ਹੀ ਸਫ਼ਰ ਕਰਦੇ। ਮੇਰੇ ਪਿਤਾ, ਭਰਾ ਅਤੇ ਭੈਣ ਅੱਗੇ ਪੈਦਲ ਚੱਲੇ ਗਏ ਹਨ।

2 ਬੈਲ ਸਨ, 15 ਦਿਨ ਪਹਿਲਾਂ ਇਕ ਵੇਚਣਾ ਪਿਆ
ਰਾਹੁਲ ਨੇ ਦੱਸਿਆ- ਆਖਰ ਅਸੀਂ ਕੀ ਕਰੀਏ? ਮੇਰੇ ਕੋਲ 2 ਬੈਲ ਸਨ ਪਰ ਮੇਰੇ ਘਰ 'ਚ ਆਟਾ ਅਤੇ ਖਾਣਾ ਪਕਾਉਣ ਦਾ ਦੂਜਾ ਸਾਮਾਨ ਖਤਮ ਹੋ ਗਿਆ ਸੀ। ਘਰ ਦਾ ਖਰਚ ਚਲਾਉਣ ਲਈ 15 ਦਿਨ ਪਹਿਲਾਂ ਮੈਨੂੰ 15 ਹਜ਼ਾਰ ਰੁਪਏ ਕੀਮਤ ਦਾ ਇਕ ਬੈਲ ਸਿਰਫ਼ 5 ਹਜ਼ਾਰ ਰੁਪਏ 'ਚ ਵੇਚਣਾ ਪਿਆ। ਰਾਹੁਲ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿੰਡ-ਪਿੰਡ ਘੁੰਮ ਕੇ ਬੈਲ ਖਰੀਦਣ-ਵੇਚਣ ਦਾ ਕੰਮ ਕਰਦਾ ਹੈ।

ਬੈਲਗੱਡੀ ਖਿੱਚਦੇ ਵਿਅਕਤੀ ਦੀ ਤਲਾਸ਼
ਐੱਸ.ਡੀ.ਐੱਮ. ਪ੍ਰਤੁਲ ਸਿਨਹਾ ਨੇ ਦੱਸਿਆ ਕਿ ਮੈਂ ਮਹੂ ਦੀ ਜ਼ਿਲਾ ਪੰਚਾਇਤ ਦੇ ਸੀ.ਈ.ਓ. ਨੂੰ ਮਾਮਲੇ ਦੀ ਸੱਚਾਈ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਵੀਡੀਓ 'ਚ ਬੈਲਗੱਡੀ ਖਿੱਚਦੇ ਵਿਅਕਤੀ ਦੀ ਭਾਲ ਕਰ ਕੇ ਪਰਿਵਾਰ ਦੀ ਮਦਦ ਕੀਤੀ ਜਾਵੇਗੀ।


author

Sunny Mehra

Content Editor

Related News