ਬੱਸ ਪਲਟਣ ਕਾਰਨ 3 ਯਾਤਰੀਆਂ ਦੀ ਮੌਤ, 30 ਜ਼ਖਮੀ

06/12/2019 7:04:39 PM

ਮੱਧ ਪ੍ਰਦੇਸ਼: ਸ਼ਹਿਰ ਦੇ ਵਿਦਿਸ਼ਾ ਜ਼ਿਲੇ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਧਤੂਰੀਆ ਪਿੰਡ 'ਚ ਤੀਰਥ ਯਾਤਰੀਆਂ ਦੀ ਇਕ ਬੱਸ ਪਲਟ ਗਈ, ਜਿਸ ਕਾਰਨ ਬੱਸ 'ਚ ਸਵਾਰ  3 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਜਿਨ੍ਹਾਂ 'ਚੋਂ 7 ਦੀ ਹਾਲਤ ਗੰਭੀਰ ਹੈ। ਸਿਵਲ ਲਾਈਨ ਪੁਲਸ ਥਾਣਾ ਇੰਚਾਰਜ ਰਾਜੇਸ਼ ਸਿਨ੍ਹਾ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਤੀਰਥ ਯਾਤਰੀਆਂ ਨਾਲ ਭਰੀ ਬੱਸ ਦੇ ਸਟੇਅਰਿੰਗ ਫੇਲ ਹੋਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ, ਜਿਸ ਦੌਰਾਨ 3 ਲੋਕਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ, ਜਦਕਿ 30 ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 7 ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰੀ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਅਤੇ ਉਤਰਾਖੰਡ ਦੀ ਚਾਰ ਧਾਮ ਦੀ ਯਾਤਰਾ 'ਤੇ ਜਾ ਰਹੇ ਸਨ।
ਸਿਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਥੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਗੰਭੀਰ ਰੂਪ ਨਾਲ ਜ਼ਖਮੀ ਚਾਰ ਲੋਕਾਂ ਨੂੰ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਵਿਦਿਸ਼ਾ ਜ਼ਿਲਾ ਕੌਂਸਲਰ ਤੇ ਵਿਧਾਇਕ ਸ਼ਸ਼ਾਂਕ ਭਾਰਗਵ ਨੂੰ ਨਿਰਦੇਸ਼ ਦੇ ਕੇ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀ ਸ਼ਰਧਾਲੂਆਂ ਦੇ ਇਲਾਜ ਦੀ ਵਿਵਸਥਾ ਕਰਨ ਤੇ ਹੋਰ ਯਾਤਰੀਆਂ ਦੇ ਰਹਿਣ ਦੀ ਅਤੇ ਘਰ ਵਾਪਸੀ ਸਮੇਤ ਹੋਰ ਸਾਰੀਆਂ ਵਿਵਸਥਾਵਾਂ ਕਰਨ ਦੇ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਦੇ ਨਿਰਦੇਸ਼ 'ਤੇ ਵਿਧਾਇਕ ਸ਼ਸ਼ਾਂਕ ਭਾਰਗਵ ਤੇ ਕੌਂਸਲਰ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਵਾਇਆ। ਬੱਸ 'ਚ ਫਸੇ ਯਾਤਰੀਆਂ ਨੂੰ ਕੱਢ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬਾਕੀ ਯਾਤਰੀਆਂ ਦੇ ਰਹਿਣ ਤੇ ਹੋਰ ਸਾਰੀਆਂ ਵਿਵਸਥਾਵਾਂ ਦਾ ਇੰਤਜਾਮ ਕੀਤਾ ਗਿਆ। ਭਿਆਨਕ ਦੁਰਘਟਨਾ 'ਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਸੋਗ ਸੰਵੇਦਨਾ ਜਤਾਉਂਦੇ ਹੋਏ ਕਮਲਨਾਥ ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਰੁਪਏ ਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।
 


Related News