ਜੰਮੂ-ਕਸ਼ਮੀਰ: ਬੁਰਕਾ ਪਹਿਨ ਕੇ ਆਈ ਮਹਿਲਾ ਅਤੇ CRPF ਬੰਕਰ ’ਤੇ ਸੁੱਟ ਦਿੱਤਾ ਪੈਟਰੋਲ ਬੰਬ

03/30/2022 10:20:07 AM

ਜੰਮੂ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ’ਚ ਮੰਗਲਵਾਰ ਸ਼ਾਮ ਨੂੰ ਇਕ ਮਹਿਲਾ ਨੇ ਸੀ. ਆਰ. ਪੀ. ਐੱਫ. ਕੈਂਪ ’ਤੇ ਪੈਟਰੋਲ ਬੰਬ ਸੁੱਟ ਦਿੱਤਾ। ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਹਾਲਾਂਕਿ ਪੈਟਰੋਲ ਬੰਬ ਸੁੱਟਣ ਵਾਲੀ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ। ਬੰਬ ਸੁੱਟਣ ਵਾਲੀ ਮਹਿਲਾ ਨੇ ਬੁਰਕਾ ਪਹਿਨਿਆ ਹੋਇਆ ਸੀ। ਜੋ ਵੀਡੀਓ ਫੁਟੇਜ ਸਾਹਮਣੇ ਆਈ ਹੈ, ਉਸ ’ਚ ਕੁਝ ਲੋਕ ਚਹਿਲਕਦਮੀ ਕਰਦੇ ਹੋਏ ਲੰਘ ਰਹੇ ਹਨ। ਨਾਲ ਹੀ ਦੋ-ਪਹੀਆ ਵਾਹਨ ਵੀ ਲੰਘ ਰਹੇ ਹਨ। ਇਸ ਦੌਰਾਨ ਬੁਰਕਾ ਪਹਿਨੇ ਇਕ ਮਹਿਲਾ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਕੁਝ ਚੀਜ਼ਾਂ ਨੂੰ ਆਪਣੇ ਬੈਗ ’ਚੋਂ ਕੱਢਦੀ ਹੈ। ਉਹ ਕਿਸੇ ਚੀਜ਼ ’ਚ ਅੱਗ ਲਗਾਉਂਦੀ ਹੈ ਅਤੇ ਉਸ ਨੂੰ ਸੁੱਟ ਕੇ ਤੁਰੰਤ ਮੌਕੇ ਤੋਂ ਫਰਾਰ ਹੋ ਜਾਂਦੀ ਹੈ।


ਅਚਾਨਕ ਨਾਲ ਵਾਪਰੀ ਇਸ ਘਟਨਾ ਤੋਂ ਉੱਥੋਂ ਲੰਘ ਰਹੇ ਲੋਕ ਹੈਰਾਨ ਹੋ ਜਾਂਦੇ ਹਨ ਅਤੇ ਦੌੜਨ ਲੱਗਦੇ ਹਨ। ਇਸ ਤੋਂ ਬਾਅਦ ਕੁਝ ਜਵਾਨ ਪੈਟਰੋਲ ਬੰਬ ਨਾਲ ਲੱਗੀ ਅੱਗ ਬੁਝਾਉਣ ਲਈ ਬਾਲਟੀ ਤੋਂ ਪਾਣੀ ਲਿਆਉਂਦੇ ਨਜ਼ਰ ਆਉਂਦੇ ਹਨ। ਇਸ ਤੋਂ ਪਹਿਲਾਂ 19 ਮਾਰਚ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਬਾਬਾਪੋਰਾ ’ਚ ਸੀ. ਆਰ. ਪੀ. ਐੱਫ. ਕੈਂਪ ’ਤੇ ਹੱਥ ਗੋਲਾ ਸੁੱਟਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ’ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਪਿਛਲੇ ਹਫ਼ਤੇ ਮਾਮਲੇ ’ਚ ਸ਼ੋਪੀਆਂ ਦੇ ਰਹਿਣ ਵਾਲੇ ਇਕ ਸ਼ੱਕੀ ਨੂੰ ਫੜਿਆ ਸੀ। ਪੁਲਸ ਮੁਤਾਬਕ ਪੁੱਛ-ਗਿੱਛ ’ਚ ਦੋਸ਼ੀ ਰਾਸ਼ਿਦ ਨੇ ਖ਼ੁਲਾਸਾ ਕੀਤਾ ਕਿ ਉਹ ਲਸ਼ਕਰ-ਏ-ਤੋਇਬਾ ਨਾਲ ਜੁੜੇ ਕੁਲਗਾਮ ਦੇ ਬਾਸਿਤ ਅਹਿਮਦ ਲਈ ਕੰਮ ਕਰ ਰਿਹਾ ਸੀ। 


Tanu

Content Editor

Related News