ਯੋਗੀ ਖਿਲਾਫ ਭੜਕਾਊ ਟਿੱਪਣੀ ਦਾ ਮਾਮਲਾ: ਸਪਾ ਵਿਧਾਇਕ ਦੇ ਪੈਟਰੋਲ ਪੰਪ ’ਤੇ ਚੱਲਿਆ ਬੁਲਡੋਜ਼ਰ
Friday, Apr 08, 2022 - 10:53 AM (IST)
ਬਰੇਲੀ– ਮੁੱਖ ਮੰਤਰੀ ਯੋਗੀ ਆਦਿਤਿਆਨਾਥ ’ਤੇ ਇਤਰਾਜ਼ਯੋਗ ਅਤੇ ਭੜਕਾਊ ਟਿੱਪਣੀ ਕਰਨ ਦੇ ਦੋਸ਼ੀ ਬਰੇਲੀ ਦੀ ਭੋਜੀਪੁਰਾ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਵਿਧਾਇਕ ਅਤੇ ਸਾਬਕਾ ਮੰਤਰੀ ਸ਼ਹਿਜਿਲ ਇਸਲਾਮ ਦੇ ਕਥਿਤ ਤੌਰ ’ਤੇ ਨਾਜਾਇਜ਼ ਰੂਪ ਤੋਂ ਬਣੇ ਪੈਟਰੋਲ ਪੰਪ ਨੂੰ ਜ਼ਿਲਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਢਹਿ-ਢੇਰੀ ਕਰਵਾ ਦਿੱਤਾ।
ਬਰੇਲੀ ਵਿਕਾਸ ਅਥਾਰਿਟੀ ਦੇ ਉਪ ਚੇਅਰਮੈਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਪਾ ਵਿਧਾਇਕ ਇਸਲਾਮ ਦੇ ਬਰੇਲੀ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਪਰਸਾਖੇੜਾ ਸਥਿਤ ਪੈਟਰੋਲ ਪੰਪ ਨੂੰ ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪੈਟਰੋਲ ਪੰਪ ਬਿਨਾਂ ਨਕਸ਼ਾ ਪਾਸ ਕਰਾਏ ਬਣਾਇਆ ਗਿਆ ਸੀ। ਇਸ ਦੇ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ।
ਪੈਟਰੋਲ ਪੰਪ ਲਈ ਐੱਨ. ਓ. ਸੀ. ਵੀ ਨਹੀਂ ਲਈ ਗਈ ਹੈ। ਇਸ ਬਾਰੇ ਸਪਾ ਵਿਧਾਇਕ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਪ੍ਰੇਸ਼ਾਨ ਹਨ ਅਤੇ ਇਸ ਮਾਮਲੇ ’ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਹਨ।