ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ਦੇ ਬਾਹਰ ਚੱਲਿਆ ਬੁਲਡੋਜ਼ਰ; ਫੁੱਟਪਾਥ ਤੋਂ ਹਟਾਇਆ ਗਿਆ ਨਾਜਾਇਜ਼ ਆਰਜ਼ੀ ਢਾਂਚਾ
Friday, Nov 13, 2026 - 04:07 PM (IST)
ਕੋਲਕਾਤਾ (ਏਜੰਸੀ)- ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਕੋਲਕਾਤਾ ਸਥਿਤ ਰਿਹਾਇਸ਼ ਦੇ ਬਾਹਰ ਵੀਰਵਾਰ ਨੂੰ ਨਗਰ ਨਿਗਮ ਨੇ ਬੁਲਡੋਜ਼ਰ ਚਲਾ ਕੇ ਫੁੱਟਪਾਥ ’ਤੇ ਬਣਿਆ ਬਾਂਸ ਦਾ ਨਾਜਾਇਜ਼ ਆਰਜ਼ੀ ਢਾਂਚਾ ਹਟਾ ਦਿੱਤਾ। ਅਧਿਕਾਰੀਆਂ ਨੇ ਪੈਦਲ ਯਾਤਰੀਆਂ ਦੀ ਆਵਾਜਾਈ ’ਚ ਕਥਿਤ ਰੁਕਾਵਟ ਬਣ ਰਹੇ ਲੋਹੇ ਦੇ ਗੇਟ ਨੂੰ ਵੀ ਗੈਸ ਕਟਰ ਨਾਲ ਕੱਟ ਕੇ ਹਟਾ ਦਿੱਤਾ। ਇਹ ਕਾਰਵਾਈ ਬੈਨਰਜੀ ਦੀ 121, ਕਾਲੀਘਾਟ ਰੋਡ ਸਥਿਤ ਰਿਹਾਇਸ਼ ਦੇ ਬਾਹਰ ਭਾਰੀ ਪੁਲਸ ਫੋਰਸ ਦੀ ਮੌਜੂਦਗੀ ’ਚ ਕੀਤੀ ਗਈ।
ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਦਿਲੀਪ ਘੋਸ਼ ਨੇ ਨਗਰ ਨਿਗਮ ਦੀ ਕਾਰਵਾਈ ਦਾ ਬਚਾਅ ਕੀਤਾ। ਘੋਸ਼ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਕਾਰਵਾਈ ਉਚਿਤ ਹੈ, ਕਿਉਂਕਿ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਸੀ। ਉਹ (ਅਭਿਸ਼ੇਕ) ਖੁਦ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਸਨ।’’ ਇਹ ਢਾਂਚਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਸੀ। ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਇਹ ਨਿਰਮਾਣ ਨਾਜਾਇਜ਼ ਨਹੀਂ ਸੀ, ਇਸ ਨੂੰ ਪੱਛਮੀ ਬੰਗਾਲ ਸੁਰੱਖਿਆ ਡਾਇਰੈਕਟੋਰੇਟ ਨੇ ਅਭਿਸ਼ੇਕ ਬੈਨਰਜੀ ਨੂੰ ਜ਼ੈੱਡ-ਪਲੱਸ ਸੁਰੱਖਿਆ ਮਿਲਣ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਲਈ ਬਣਵਾਇਆ ਸੀ।
