1 ਫਰਵਰੀ ਨੂੰ ਪੇਸ਼ ਹੋਵੇਗਾ ਬਜਟ, ਵਿੱਤ ਮੰਤਰੀ ਨਿਰਮਲਾ ਸੀਤਾਰਮਨ 9ਵੀਂ ਵਾਰ ਪੇਸ਼ ਕਰਨਗੇ ਬਜਟ
Tuesday, Jan 13, 2026 - 10:38 AM (IST)
ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਗਲੇ ਵਿੱਤੀ ਸਾਲ ਲਈ ਇਕ ਫਰਵਰੀ ਦਿਨ ਐਤਵਾਰ ਨੂੰ ਬਜਟ ਪੇਸ਼ ਕਰਨਗੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੋਮਵਾਰ ਇਹ ਐਲਾਨ ਕੀਤਾ। ਇਹ ਸੀਤਾਰਾਮਨ ਦਾ 9ਵਾਂ ਬਜਟ ਹੋਵੇਗਾ। ਇਹ ਸਾਬਕਾ ਵਿੱਤ ਮੰਤਰੀ ਸਵਰਗੀ ਮੋਰਾਰਜੀ ਦੇਸਾਈ ਵੱਲੋਂ ਪੇਸ਼ ਕੀਤੇ ਗਏ 10 ਬਜਟਾਂ ਤੋਂ ਇਕ ਘੱਟ ਹੈ।
ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ। ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਸੀਤਾਰਾਮਨ ਵੱਲੋਂ ਦੋਵਾਂ ਹਾਊਸਾਂ ’ਚ ਆਰਥਿਕ ਸਰਵੇਖਣ ਪੇਸ਼ ਕਰਨ ਦੀ ਉਮੀਦ ਹੈ। ਉਹ ਇਕ ਫਰਵਰੀ ਦਿਨ ਐਤਵਾਰ ਨੂੰ ਕੇਂਦਰੀ ਬਜਟ ਪੇਸ਼ ਕਰੇਗੀ, ਜਿਸ ਨੂੰ ਸਰਕਾਰ ਨੇ ਬਜਟ ਦਿਵਸ ਵਜੋਂ ਐਲਾਨਿਆ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਵੇਗਾ ਤੇ 2 ਅਪ੍ਰੈਲ ਤੱਕ ਜਾਰੀ ਰਹੇਗਾ। ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਖਤਮ ਹੋਵੇਗਾ ਤੇ 9 ਮਾਰਚ ਨੂੰ ਮੁੜ ਸ਼ੁਰੂ ਹੋਵੇਗਾ।
