ਮਾਇਆਵਤੀ ਦਾ ਐਲਾਨ- ਰਾਸ਼ਟਰਪਤੀ ਚੋਣਾਂ ਲਈ ਦ੍ਰੋਪਦੀ ਮੁਰਮੂ ਦਾ ਸਮਰਥਨ ਕਰੇਗੀ ਬਸਪਾ

06/25/2022 11:24:26 AM

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜੋ ਇਸ ਅਹੁਦੇ ਲਈ ਪਹਿਲੀ ਜਨਜਾਤੀ ਨੇਤਾ ਅਤੇ ਦੂਜੀ ਮਹਿਲਾ ਹੋਵੇਗੀ। ਬਸਪਾ ਮੁਖੀ ਮਾਇਆਵਤੀ ਨੇ ਇੱਥੇ ਕਿਹਾ,''ਅਸੀਂ ਰਾਸ਼ਟਰਪਤੀ ਚੋਣ ਲਈ ਐੱਨ.ਡੀ.ਏ. ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।'' ਅਸੀਂ ਵਿਰੋਧੀ ਧਿਰ ਦੇ ਖ਼ਿਲਾਫ਼ ਹਾਂ ਪਰ ਆਪਣੀ ਪਾਰਟੀ ਅਤੇ ਅੰਦੋਲਨ ਨੂੰ ਧਿਆਨ 'ਚ ਰੱਖਦਿਆਂ ਅਸੀਂ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡੀ ਪਾਰਟੀ ਦੇ ਵਿਚਾਰ ਅਤੇ ਦੇਸ਼ 'ਚ ਇਕ ਸਮਰੱਥ ਅਤੇ ਸਮਰਪਿਤ ਜਨਜਾਤੀ ਮਹਿਲਾ ਰਾਸ਼ਟਰਪਤੀ ਬਣਾਉਣ ਦੇ ਅੰਦੋਲਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਫ਼ੈਸਲਾ ਕਰਦੇ ਸਮੇਂ ਬਸਪਾ ਨੂੰ ਸਲਾਹ-ਮਸ਼ਵਰੇ ਤੋਂ ਬਾਹਰ ਰੱਖਣ ਲਈ ਬਸਪਾ ਮੁਖੀ ਨੇ ਵਿਰੋਧੀ ਦਲਾਂ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਚੋਣਾਂ 'ਤੇ ਆਪਣਾ ਫ਼ੈਸਲਾ ਲੈਣ ਲਈ ਆਜ਼ਾਦ ਹੈ। ਦੱਸਣਯੋਗ ਹੈ ਕਿ ਸੱਤਾਧਾਰੀ ਜਨਤਾਂਤਰਿਕ ਗਠਜੋੜ (ਰਾਜਗ) ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਸਮੇਤ ਵਿਰੋਧੀ ਦਲਾਂ ਦੇ ਸੰਯੁਕਤ ਉਮੀਦਵਾਰ ਯਸ਼ਵੰਤ ਸਿਨਹਾ 27 ਜੂਨ ਨੂੰ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਹਨ। ਵੋਟਿੰਗ 18 ਜੁਲਾਈ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਕੀਤੀ ਜਾਵੇਗੀ।


DIsha

Content Editor

Related News