ਛੱਤੀਸਗੜ੍ਹ ''ਚ ਨਕਸਲੀ ਧਮਾਕਾ, BSF ਦਾ ਇਕ ਜਵਾਨ ਸ਼ਹੀਦ

Thursday, Dec 14, 2023 - 04:32 PM (IST)

ਛੱਤੀਸਗੜ੍ਹ ''ਚ ਨਕਸਲੀ ਧਮਾਕਾ, BSF ਦਾ ਇਕ ਜਵਾਨ ਸ਼ਹੀਦ

ਕਾਂਕੇਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ 'ਚ ਵੀਰਵਾਰ ਨੂੰ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕੀਤਾ, ਜਿਸ 'ਚ ਸਰਹੱਦ ਸੁਰੱਖਿਆ ਫੋਰਸ (BSF) ਦਾ ਇਕ ਜਵਾਨ ਸ਼ਹੀਦ ਹੋ ਗਿਆ। ਪਿਛਲੇ ਦੋ ਦਿਨਾਂ 'ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਰਤਾਪੁਰ ਪੁਲਸ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸੜਕਟੋਲਾ ਪਿੰਡ ਕੋਲ ਉਸ ਸਮੇਂ ਵਾਪਰੀ, ਜਦੋਂ BSF ਅਤੇ ਜ਼ਿਲ੍ਹਾ ਪੁਲਸ ਦੀ ਇਕ ਸਾਂਝੀ ਟੀਮ ਗਸ਼ਤ ਕਰ ਰਹੀ ਸੀ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਵਲੋਂ ਕੀਤੇ ਗਏ ਧਮਾਕੇ ਵਿਚ BSF ਦਾ ਹੈੱਡ ਕਾਂਸਟੇਬਲ ਅਖਿਲੇਸ਼ ਰਾਏ (45) ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਰਾਏ ਨੂੰ ਮੁੱਢਲਾ ਇਲਾਜ ਦਿੱਤਾ ਗਿਆ ਅਤੇ ਬਿਹਤਰ ਇਲਾਜ ਲਈ ਪਖਾਂਜੂਰ ਭੇਜਿਆ ਗਿਆ ਪਰ ਉਨ੍ਹਾਂ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ। 

ਸ਼ਹੀਦ ਹੋਇਆ ਜਵਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਅਧਿਕਾਰੀ ਨੇ ਦੱਸਿਆ ਕਿ BSF, ਜ਼ਿਲ੍ਹਾ ਰਿਜ਼ਰਵ ਗਾਰਡ ਅਤੇ ਜ਼ਿਲ੍ਹਾ ਬਲ ਦੀ ਸਾਂਝੀ ਟੀਮ ਵੱਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦੇਈਏ ਕਿ ਨਾਰਾਇਣਪੁਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਨਕਸਲੀਆਂ ਵਲੋਂ ਸੁਰੱਖਿਆ ਕਰਮੀਆਂ ਦੀ ਟੀਮ 'ਤੇ ਹਮਲਾ ਕਰਨ ਅਤੇ ਆਈ. ਈ. ਡੀ. ਨਾਲ ਧਮਾਕਾ ਕਰਨ ਨਾਲ ਛੱਤੀਸਗੜ੍ਹ ਹਥਿਆਰਬੰਦ ਫੋਰਸ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ ਇਕ ਹੋਰ ਜ਼ਖਮੀ ਹੋ ਗਿਆ ਸੀ।


author

Tanu

Content Editor

Related News